ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 1 ਜੁਲਾਈ
ਕੌਮੀ ਡਾਕਟਰ ਦਿਵਸ ਮੌਕੇ ਅੱਜ ਸਿਹਤ ਵਿਭਾਗ ਫਰੀਦਕੋਟ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਸਥਾਨਕ ਇਕਾਈ ਨ ਫਰੀਦਕੋਟ ਸਾਈਕਲ ਰਾਈਡਰਜ਼ ਦੇ ਸਹਿਯੋਗ ਨਾਲ ਸਾਈਕਲ ਰੈਲੀ ਕੱਢੀ। ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਸਾਈਕਲ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਉਨ੍ਹਾਂ ਸਮੂਹ ਡਾਕਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਾਕਟਰੀ ਪੇਸ਼ਾ ਜਿੱਥੇ ਸੇਵਾ ਦਾ ਕਿੱਤਾ ਹੈ, ਉੱਥੇ ਹੀ ਇਹ ਚੁਣੌਤੀ ਭਰਪੂਰ ਵੀ ਹੈ। ਰੈਲੀ ਦੇ ਇੰਚਾਰਜ ਡਾ. ਪੁਸ਼ਪਿੰਦਰ ਕੂਕਾ ਨੇ ਦੱਸਿਆ ਕਿ ਇਹ ਸਾਈਕਲ ਰੈਲੀ ਸਿਵਲ ਹਸਪਤਾਲ ਫਰੀਦਕੋਟ ਤੋਂ ਸ਼ੁਰੂ ਹੋ ਕੇ ਭਾਈ ਘਨੱਈਆ ਚੌਂਕ, ਬੱਸ ਸਟੈਂਡ, ਕਾਲਜ ਰੋਡ, ਨਹਿਰਾਂ ਦੇ ਨਾਲ ਹੁੰਦੇ ਹੋਈ ਸੰਧੂ ਪੈਲੇਸ ਅਤੇ ਕੰਮੇਆਣਾ ਚੌਕ ਰਾਹੀਂ ਸਿਵਲ ਹਸਪਤਾਲ ਪੁਹੰਚੀ। ਰੈਲੀ ਦੌਰਾਨ ਲੋਕਾਂ ਨੂੰ ਵੱਧ ਤੋਂ ਵੱਧ ਸਾਈਕਲ ਦੀ ਵਰਤੋਂ ਕਰਨ ਲਈ ਪ੍ਰੇਰਿਆ ਗਿਆ। ਇਸ ਮੌਕੇ ਐੱਸਐੱਮਓ ਡਾ. ਚੰਦਰ ਸ਼ੇਖਰ, ਡਾ. ਐੱਸਐੱਸ ਬਰਾੜ, ਡਾ. ਬਿਮਲ ਗਰਗ, ਡਾ. ਦੀਪਕ ਗਰਗ, ਡਾ. ਕਮਲਦੀਪ ਕੌਰ, ਡਾ. ਗਗਨਦੀਪ ਬਜਾਜ, ਡਾ. ਨਿਸ਼ੀ ਗਰਗ, ਡਾ. ਕਰਨ ਬਜਾਜ ਤੇ ਡਾ. ਵਿਕਾਸ ਗੋਇਲ ਹਾਜ਼ਰ ਸਨ।