ਭਗਵਾਨ ਦਾਸ ਗਰਗ
ਨਥਾਣਾ, 14 ਅਪਰੈਲ
ਕਲਿਆਣ ਮੱਲਕਾ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕਰਨ, ਛੱਪੜ ਨੂੰ ਜਾਣ ਵਾਲਾ ਰਸਤਾ ਪੱਕਾ ਕਰਨ ਅਤੇ ਹਵਾਈ ਫਾਇਰ ਕਰਨ ਵਾਲੇ ਮੰਦਰ ਕਮੇਟੀ ਆਗੂ ਵਰਿੰਦਰ ਕੁਮਾਰ ਸ਼ਰਮਾ ਖਿਲਾਫ਼ ਧਾਰਾ 307 ਅਧੀਨ ਮੁਕਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਗਰਾਮ ਪੰਚਾਇਤ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਨਥਾਣਾ-ਭਗਤਾ ਰੋਡ ’ਤੇ ਰੋਸ ਧਰਨਾ ਦੇ ਕੇ ਸੜਕੀ ਆਵਾਜਾਈ ਠੱਪ ਕੀਤੀ ਗਈ।
ਸਰਪੰਚ ਬਲਜਿੰਦਰ ਸਿੰਘ ਨੇ ਦੱਸਿਆ ਕਿ ਪ੍ਰਾਚੀਨ ਸ਼ਿਵ ਮੰਦਰ ਦੇ ਤਕਰੀਬਨ ਸੱਤ ਏਕੜ ਰਕਬੇ ’ਚ ਗੰਦੇ ਪਾਣੀ ਦੀ ਨਿਕਾਸੀ ਵਾਲਾ ਛੱਪੜ ਹੈ। ਸਰਪੰਚ ਅਨੁਸਾਰ ਇਸ ਰਕਬੇ ਦੀ ਮਾਲਕੀ ਵਾਲੇ ਕਰਮਜੀਤ ਸ਼ਰਮਾ ਵਾਸੀ ਕੋਟਕਪੁਰਾ ਨੇ ਜ਼ਮੀਨ ਦਾ ਕੁਝ ਹਿੱਸਾ ਛੱਪੜ ਵਾਸਤੇ ਦਾਨ ਵਜੋਂ ਦਿੱਤਾ ਹੈ ਅਤੇ ਬਾਕੀ ਰਕਬਾ ਛੱਪੜ ਵਾਸਤੇ ਪੰਚਾਇਤ ਨੂੰ 2025 ਤੱਕ ਠੇਕੇ ’ਤੇ ਦਿੱਤਾ ਹੈ। ਪੰਚਾਇਤ ਮੁਤਾਬਿਕ ਹੁਣ ਮੰਦਰ ਕਮੇਟੀ ਨੇ ਛੱਪੜ ਨੂੰ ਜਾਣ ਵਾਲੇ ਰਸਤੇ ’ਤੇ ਕੰਧ ਕੱਢ ਦਿੱਤੀ। ਕੰਧ ਢਾਹੇ ਜਾਣ ਮਗਰੋਂ ਪੁਲੀਸ ਵੱਲੋਂ ਕੇਸ ਦਰਜ ਕਰਨ ਉਪਰੰਤ ਅੱਜ ਪੰਚਾਇਤ ਅਤੇ ਨਗਰ ਵਾਸੀਆਂ ਨੇ ਧਰਨਾ ਲਾ ਕੇ ਸੜਕੀ ਆਵਾਜਾਈ ਠੱਪ ਕਰ ਦਿੱਤੀ। ਦੇਰ ਸ਼ਾਮ ਤੱਕ ਸਮੱਸਿਆ ਦਾ ਕੋਈ ਵੀ ਹੱਲ ਨਾ ਹੋ ਸਕਿਆ। ਦੋਵਾਂ ਧਿਰਾਂ ਵਿਚਕਾਰ ਸਥਿਤੀ ਤਣਾਅਪੂਰਨ ਬਣੀ ਹੋਈ ਹੈ।
ਨਿਕਾਸੀ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਖਿਲਾਫ਼ ਕੇਸ ਦਰਜ
ਪੁਲੀਸ ਨੇ ਪਿੰਡ ਕਲਿਆਣ ਮੱਲਕਾ ਵਿੱਚ ਕੰਧ ਢਾਹੁਣ ਦੇ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਦੇ ਡੇਢ ਦਰਜਨ ਤੋਂ ਵਧੇਰੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤੇ ਹਨ। ਸਰਪੰਚ ਬਲਜਿੰਦਰ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਪ੍ਰਾਚੀਨ ਸ਼ਿਵ ਮੰਦਰ ਨੇੜੇ ਮੰਦਰ ਕਮੇਟੀ ਦੇ ਆਗੂ ਵਰਿੰਦਰ ਕੁਮਾਰ ਅਤੇ ਉਸ ਦੇ ਸਾਥੀਆਂ ਨੇ ਕੰਧ ਕੱਢ ਕੇ ਗੰਦੇ ਪਾਣੀ ਦਾ ਨਿਕਾਸ ਰੋਕ ਦਿੱਤਾ। ਪੰਚਾਇਤ ਵੱਲੋਂ ਉਨ੍ਹਾਂ ਨੂੰ ਕੰਧ ਕੱਢਣ ਤੋਂ ਰੋਕਿਆ ਗਿਆ ਤਾਂ ਵਰਿੰਦਰ ਕੁਮਾਰ ਨੇ ਫਾਇਰ ਕਰ ਦਿੱਤੇ। ਦੂਜੇ ਪਾਸੇ ਪ੍ਰਾਚੀਨ ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਵਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਇਹ ਜਗ੍ਹਾ ਮੰਦਰ ਦੇ ਕਬਜ਼ੇ ਵਾਲੀ ਹੈ ਅਤੇ ਪੰਚਾਇਤ ਵੱਲੋਂ ਗੰਦੇ ਪਾਣੀ ਦੀ ਨਿਕਾਸੀ ਕੀਤੀ ਜਾ ਰਹੀ ਹੈ। ਪੁਲੀਸ ਕੋਲ ਦਿੱਤੀ ਸਿਕਾਇਤ ਵਿੱਚ ਮੰਦਰ ਕਮੇਟੀ ਆਗੂ ਨੇ ਕਿਹਾ ਹੈ ਕਿ ਪਿੰਡ ਦੇ ਕੁਝ ਵਿਅਕਤੀਆਂ ਨੇ ਉਨ੍ਹਾਂ ਵੱਲੋਂ ਕੱਢੀ ਕੰਧ ਢਾਹ ਕੇ ਇੱਟਾਂ ਚੋਰੀ ਕਰ ਲਈਆਂ ਹਨ।