ਪੱਤਰ ਪ੍ਰੇਰਕ
ਗਿੱਦੜਬਾਹਾ, 19 ਅਪਰੈਲ
ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ ਵਿੱਚ ਅੱਜ ਨਗਰ ਕੌਂਸਲ ਗਿੱਦੜਬਾਹਾ ਦੀ ਚੋਣ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਵਾਰਡ ਨੰਬਰ 18 ਤੋਂ ਕੌਂਸਲਰ ਨਰਿੰਦਰ ਕੁਮਾਰ ਬਿੰਟਾ ਅਰੋੜਾ ਨੂੰ ਪ੍ਰਧਾਨ ਚੁਣਿਆ ਗਿਆ, ਜਦਕਿ ਵਾਰਡ ਨੰਬਰ 5 ਤੋਂ ਕੌਂਸਲਰ ਸ੍ਰੀਮਤੀ ਅਨੂੰ ਬਾਲਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ ਨੰਬਰ 10 ਤੋਂ ਜਗਮੀਤ ਸਿੰਘ ਲੱਖਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਪ੍ਰਧਾਨਗੀ ਲਈ ਬਿੰਟਾ ਅਰੋੜਾ ਦੇ ਨਾਮ ਦੀ ਤਜਵੀਜ਼ ਵਾਰਡ ਨੰਬਰ 2 ਤੋਂ ਕੌਂਸਲਰ ਨਰਿੰਦਰ ਸਿੰਘ ਭੋਲਾ ਨੇ ਰੱਖੀ, ਜਦਕਿ ਵਾਰਡ ਨੰਬਰ 4 ਤੋਂ ਕੌਂਸਲਰ ਕੁਲਵੰਤ ਸਿੰਘ ਪ੍ਰਧਾਨ ਨੇ ਇਸ ਦੀ ਤਾਈਦ ਕੀਤੀ। ਮਗਰੋਂ ਸਮੂਹ ਕੌਂਸਲਰਾਂ ਨੇ ਆਪਣੀ ਸਹਿਮਤੀ ਜਤਾਈ।
ਬੋਹਾ(ਨਿਰੰਜਣ ਬੋਹਾ): ਨਗਰ ਪੰਚਾਇਤ ਬੋਹਾ ਦੀ ਐੱਸਡੀਐੱਮ ਸਾਗਰ ਸੇਤੀਆ ਦੀ ਨਿਗਰਾਨੀ ਹੇਠ ਹੋਈ ਚੋਣ ਮੌਕੇ ਆਜ਼ਾਦ ਤੌਰ ’ਤੇ ਚੋਣ ਜਿੱਤੇ ਸੁਖਜੀਤ ਕੌਰ ਪਤਨੀ ਕਮਲਦੀਪ ਸਿੰਘ ਬਾਵਾ ਨੂੰ ਨਗਰ ਪੰਚਾਇਤ ਦਾ ਪ੍ਰਧਾਨ ਤੇ ਬਲਵੀਰ ਕੌਰ ਪਤਨੀ ਹਰਪਾਲ ਸਿੰਘ ਪੰਮੀ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਪ੍ਰਧਾਨ ਦੇ ਅਹੁਦੇ ਲਈ ਚੋਣ ਪਰਚੀ ਪਾ ਕੇ ਕੀਤੀ ਗਈ ਕਿਉਂਕਿ ਇਸ ਅਹੁਦੇ ਲਈ ਉਮੀਦਵਾਰ ਨਵੀਨ ਕੁਮਾਰ ਕਾਲਾ ਦੇ ਸਮਰਥਨ ਵਿੱਚ ਵੀ ਬਰਾਬਰ ਦੇ ਕੌਂਸਲਰ ਖੜ੍ਹੇ ਸਨ।