ਪਰਸ਼ੋਤਮ ਬੱਲੀ
ਬਰਨਾਲਾ, 19 ਮਾਰਚ
ਤੀਹ ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ’ਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਲਈ ਲੱਗੇ ਪੱਕੇ ਮੋਰਚੇ ਦੇ ਅੱਜ 170ਵੇਂ ਦਿਨ ਮੁਜ਼ਾਰਾ ਲਹਿਰ ਦੇ ਆਗੂਆਂ ਦੇ ਵਾਰਸਾਂ ਨੂੰ ਸਨਮਾਨਿਤ ਕੀਤਾ ਗਿਆ| ਬੁਲਾਰਿਆਂ ਕਿਹਾ ਕਿ ਇਸ ਮੁੁਜਾਰਾ ਲਹਿਰ ਨੇ 16 ਲੱਖ ਏਕੜ ਜ਼ਮੀਨ ਜਾਗੀਰਦਾਰਾਂ ਤੋਂ ਖੋਹ ਕੇ ਮੁੁਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ| ਕਾਸ਼ਤਕਾਰਾਂ ਨੂੰ ਜ਼ਮੀਨੀ ਵੰਡ ਵਾਲੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਇਹ ਦੂਜੀ ਵੱਡੀ ਇਤਿਹਾਸਕ ਘਟਨਾ ਸੀ| ਅੱਜ ਧਰਨੇ ਵਿੱਚ ਇਸ ਲਹਿਰ ਦਾ ਕੇਂਦਰ ਰਹੇ ਕਸਬਾ ਭਦੌੜ ਦੇ ਇਸ ਲਹਿਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਬਾਬਾ ਅਰਜਨ ਸਿੰਘ, ਚੰਦ ਸਿੰਘ ਮਾਨ, ਸ਼ਾਮ ਸਿੰਘ ਤੇ ਨਰੈਣ ਸਿੰਘ ਪਿੰਡ ਕਾਲਸਾਂ ਦੇ ਲਾਲ ਸਿੰਘ ਅਤੇ ਭੱਠਲਾਂ ਦੇ ਹਰਦਿੱਤ ਸਿੰਘ ਸਮੇਤ ਦਰਜਨਾਂ ਹੋਰ ਸੰਘਰਸ਼ੀ ਯੋਧਿਆਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਬੁਲਾਰੇ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁੁਰਬਖਸ਼ ਸਿੰਘ ਕੱਟੂ,ਜਸਵੰਤ ਸਿੰਘ ਅਸਪਾਲ ਕਲਾਂ, ਉਜਾਗਰ ਸਿੰਘ ਬੀਹਲਾ ਨੇ ਸੰਬੋਧਨ ਕੀਤਾ | ਆਗੂਆਂ ਕਿਹਾ ਕਿ ਖਰੀਦ ਏਜੰਸੀ ਐਫਸੀਆਈ ਦਾ ਤਾਜ਼ਾ ਫਰਮਾਨ ਐੱਮਐੱਸਪੀ ਪ੍ਰਬੰਧ ਨੂੰ ਖ਼ਤਮ ਕਰਨ ਵੱਲ ਇਕ ਕਦਮ ਹੈ | ਫਸਲ ਖਰੀਦਣ ਲਈ ਗੈਰ-ਜਰੂਰੀ ਸ਼ਰਤਾਂ ਲਾਈਆਂ ਜਾ ਰਹੀਆਂ ਹਨ | ਇਸ ਨਵੇਂ ਫਰਮਾਨ ਨੂੰ ਤੁੁਰੰਤ ਵਾਪਸ ਕਰਵਾਉਣ ਲਈ ਦਾਣਾ ਮੰਡੀ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਿਆ ਗਿਆ |
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਸਥਾਨਕ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦਾ ਧਰਨਾ ਮੁਜ਼ਾਰਾ ਲਹਿਰ ਦੇ ਜੋਧਿਆਂ ਨੂੰ ਸਮਰਪਿਤ ਰਿਹਾ। ਇਸ ਦੌਰਾਨ ਬੁਲਾਰਿਆਂ ਵੱਲੋਂ ਕੇਂਦਰ ਸਰਕਾਰ ਦੀਆ ਕਿਸਾਨ ਮਾਰੂ ਨੀਤੀਆਂ ਦਾ ਵਿਰੋਧ ਕੀਤਾ ਗਿਆ ਤੇ ਆਉਣ ਵਾਲੀ ਕਣਕ ਦੀ ਫ਼ਸਲ ਵਿਚ ਨਮੀ ਦੀ ਮਾਤਰਾ 14 ਤੋਂ ਘਟਾ ਕੇ 12 ਫ਼ੀਸਦ, ਫ਼ਸਲ ਦਾ ਟੋਟਾ 4 ਤੋਂ 2 ਫ਼ੀਸਦ ਕਰਨ ਤੇ ਕਣਕ ਵੇਚਣ ਸਮੇਂ ਜ਼ਮੀਨ ਦੀ ਫਰਦ ਦੇਖ ਕੇ ਖਰੀਦ ਕਰਨ ਦੇ ਫੈਸਲਿਆਂ ਦਾ ਵਿਰੋਧ ਕਰਨ ਲਈ ਕਿਸਾਨਾਂ ਨੂੰ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ। ਬੁਲਾਰਿਆਂ ਵਿੱਚ ਵਸਾਵਾ ਸਿੰਘ ਧਰਮਪੁਰਾ, ਗੁਰਜੰਟ ਸਿੰਘ ਬਖ਼ਸ਼ੀਵਾਲਾ, ਤਾਰਾ ਚੰਦ ਬਰੇਟਾ, ਨਿਰਮਲ ਸਿੰਘ, ਰੂਪ ਸਿੰਘ, ਮੇਲਾ ਸਿੰਘ, ਪਾਲ ਕੌਰ ਧਰਮਪੁਰਾ, ਮਾਸਟਰ ਗੁਰਦੀਪ ਸਿੰਘ, ਤੇ ਜਗਮੇਲ ਸਿੰਘ ਕੁਲਰੀਆ ਸ਼ਾਮਲ ਸਨ|
ਸਿਰਸਾ (ਪ੍ਰਭੂ ਦਿਆਲ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਕਿਸਾਨਾਂ ਨੇ ਮੁਜਾਰਾ ਲਹਿਰ ਦੇ ਸ਼ਹੀਦਾਂ ਨੂੰ ਯਾਦ ਕੀਤਾ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਹਾੜ੍ਹੀ ਦੀ ਫ਼ਸਲ ਦੀ ਖਰੀਦ ਲਈ ਪੁਖਤਾ ਪ੍ਰਬੰਧ ਕਰਨ ਤੇ ਜਿਣਸ ਦੀ ਖਰੀਦ ਲਈ ਸਰਕਾਰ ਵੱਲੋਂ ਥੋਪੀਆਂ ਜਾ ਰਹੀਆਂ ਸ਼ਰਤਾਂ ਨੂੰ ਖ਼ਤਮ ਕਰਨ ਦੀ ਮੰਗ ਸਬੰਧੀ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨ ਦਾਣਾ ਮੰਡੀ ਸਥਿਤ ਮਹਾਤਮਾ ਗਾਂਧੀ ਪਾਰਕ ਵਿੱਚ ਇਕੱਠੇ ਹੋਏ। ਇਸ ਮੌਕੇ ਹੋਏ ਸਮਾਗਮ ਦੀ ਪ੍ਰਧਾਨਗੀ ਭਾਲ ਸਿੰਘ ਨੰਬਰਦਾਰ ਨੇ ਕੀਤੀ। ਬਾਅਦ ਵਿੱਚ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ।
ਬੁਢਲਾਡਾ (ਐੱਨਪੀ ਸਿੰਘ): ਅੱਜ ਸੰਯੁਕਤ ਮੋਰਚੇ ਦੀਆਂ 32 ਕਿਸਾਨ ਜੱਥੇਬੰਦੀਆਂ ਵੱਲੋਂ ਜਾਰੀ ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ਵਾਲੇ ਧਰਨੇ ’ਤੇ ਮੁਜਾਰੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਕੁਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਆਗੂ ਜਸਵੰਤ ਸਿੰਘ ਬੀਰੋਕੇ, ਡਕੌਂਦਾ ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰ੍ਹੇ, ਦਰਸ਼ਨ ਸਿੰਘ ਗੁਰਨੇਕਲਾਂ, ਹਰਿੰਦਰ ਸਿੰਘ ਸੋਢੀ, ਨੰਬਰਦਾਰ ਜਰਨੈਲ ਸਿੰਘ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੈਪਸੂ ਰਾਜ ਦੇ 784 ਪਿੰਡਾਂ ਦੇ ਮੁਜਾਰੇ ਕਿਸਾਨਾਂ ਨੂੰ 20 ਲੱਖ ਏਕੜ ਜ਼ਮੀਨ ਦੀ ਮਾਲਕੀ ਦੇ ਹੱਕ ਰਜਵਾੜਾਸ਼ਾਹੀ ਖ਼ਿਲਾਫ਼ ਲੰਬਾ ਸੰਘਰਸ਼ ਲੜ ਕੇ ਮਿਲੇ। ਇਸ ਮੌਕੇ ਆਂਗਣਵਾੜੀ ਮੁਲਾਜ਼ਮ ਯੁਨੀਅਨ ਸੀਟੂ ਦੀ ਆਗੂ ਬੀਬੀ ਮਨਜੀਤ ਕੌਰ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਜੁਗਰਾਜ ਸਿੰਘ ਤਾਲਬਵਾਲਾ ਨੇ ਵੀ ਸੰਬੋਧਨ ਕੀਤਾ।
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਲੱਗਿਆ ਪੱਕਾ ਮੋਰਚਾ ਪੈਪਸੂ ਮੁਜ਼ਾਹਰਾ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਰਿਹਾ ਤੇ ਫ਼ਸਲਾਂ ਵੇਚਣ ਦੀ ਸਿੱਧੀ ਅਦਾਇਗੀ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਸੰਯੁਕਤ ਮੋਰਚੇ ਦੀ ਅਗਵਾਈ ਹੇਠ ਚੱਲ ਰਿਹਾ ਧਰਨਾ ਅੱਜ 170 ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੁਖਵਿੰਦਰ ਸਿੰਘ ਭਾਈਰੂਪਾ ਨੇ ਸਟੇਜ ਦੀ ਸ਼ੁਰੂਆਤ ਕਰਦਿਆਂ ਪੈਪਸੂ ਮੁਜ਼ਾਹਰਾ ਲਹਿਰ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।
ਮਾਨਸਾ (ਜੋਗਿੰਦਰ ਸਿੰਘ ਮਾਨ): ਇੱਥੋਂ ਦੇ ਰੇਲਵੇ ਸਟੇਸ਼ਨ ਨੇੜੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਮੁਜਾਰੇ ਕਿਸਾਨਾਂ ਲਈ ਜ਼ਮੀਨ ਮਾਲਕੀ ਹੱਕ ਲੈਣ ਵਾਲੇ ਇਸ ਘੋਲ ਵਿੱਚ ਸ਼ਹੀਦ ਹੋਏ ਲੜਾਕੂ ਯੋਧਿਆਂ ਨੂੰ ਹਰ ਕਿਸਾਨੀ ਅੰਦੋਲਨ ਦੌਰਾਨ ਬਾਕਾਇਦਾ ਯਾਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਕੁਰਬਾਨੀ ਤੋਂ ਪ੍ਰੇਰਿਤ ਹੋਕੇ ਸੰਘਰਸ਼ਾਂ ਵਿੱਚ ਕੁੱਦਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ 26 ਮਾਰਚ ਦੇ ਮੁਕੰਮਲ ਭਾਰਤ ਬੰਦ ਵਿੱਚ ਸਾਰੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਛੋਟੇ ਕਾਰੋਬਾਰੀਆਂ ਨੂੰ ਖੁੱਲ ਕੇ ਭਾਗ ਲੈਣਾ ਚਾਹੀਦਾ ਹੈ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਵੱਖਰੇ ਤੌਰ ’ਤੇ ਕਿਹਾ ਕਿ 23 ਮਾਰਚ ਨੂੰ ਦਿੱਲੀ ਮੋਰਚਿਆਂ ਉਪਰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ 22 ਮਾਰਚ ਨੂੰ ਦਿੱਲੀ ਟਿੱਕਰੀ ਬਾਰਡਰ ਵੱਲ ਕੂਚ ਕੀਤਾ ਜਾਵੇ।
ਸਕੱਤਰ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ
ਮਹਿਲਾ ਕਲਾਂ (ਨਵਕਿਰਨ ਸਿੰਘ): ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਸੰਯੁਕਤ ਕਿਸਾਨ ਮੋਰਚੇ ਦਾ ਧਰਨਾ ਅੱਜ 170ਵੇਂ ਦਿਨ ਪੈਪਸੂ ਮੁਜਾਰਾ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ। ਅੱਜ ਦੇ ਧਰਨੇ ਨੂੰ ਕਿਸਾਨ ਆਗੂ ਮਨਜੀਤ ਧਨੇਰ, ਗੁਰਮੇਲ ਠੁੱਲੀਵਾਲ, ਪਿਸ਼ੌਰਾ ਸਿੰਘ ਹਮੀਦੀ, ਅਜਮੇਰ ਸਿੰਘ ਮਹਿਲ ਕਲਾਂ, ਸੁਖਦੇਵ ਸਿੰਘ, ਮਹਿੰਦਰ ਸਿੰਘ ਨਿਹਾਲੂਵਾਲ ਨੇ ਸੰਬੋਧਨ ਕੀਤਾ। ਇਸ ਮੌਕੇ ਕਣਕ ਦੀ ਸਿੱਧੀ ਖਰੀਦ ਪ੍ਰਕਿਰਿਆ ਨੂੰ ਸਰਕਾਰ ਦੀ ਐੱਮਐੱਸਪੀ ਤੋਂ ਭੱਜਣ ਦੀ ਸ਼ਾਜਿਸ਼ ਕਰਾਰ ਦਿੱਤਾ ਗਿਆ ਅਤੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਕੱਤਰ ਰਾਹੀਂ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ।
ਕਿਸਾਨਾਂ ਵੱਲੋਂ ਡੀਸੀ ਦਫ਼ਤਰ ਅੱਗੇ ਮੁਜ਼ਾਹਰਾ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਐੱਫਸੀਆਈ ਵੱਲੋਂ ਕਣਕ ਦੀ ਖਰੀਦ ਲਈ ਲਾਈਆਂ ਸ਼ਰਤਾਂ ਨੂੰ ਐੱਮਐੱਸਪੀ ਵਿਰੁੱਧ ਦੱਸਦਿਆਂ ਇਨ੍ਹਾਂ ਦੇ ਖਾਤਮੇ ਲਈ ‘ਸੰਯੁਕਤ ਕਿਸਾਨ ਮੋਰਚਾ’ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਵੀ ਭੇਜਿਆ ਗਿਆ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸੁਖਦੇਵ ਸਿੰਘ ਬੂੜਾਗੁੱਜਰ ਸਿੱਧੂਪੁਰ, ਬਲਵਿੰਦਰ ਸਿੰਘ ਥਾਂਦੇਵਾਲਾ ਕਿਰਤੀ ਕਿਸਾਨ ਯੂਨੀਅਨ, ਗੁਰਤੇਜ ਸਿੰਘ ਉਦੇਕਰਨ, ਜਸਵਿੰਦਰ ਸਿੰਘ ਝਬੇਲਵਾਲੀ, ਬਲਜੀਤ ਸਿੰਘ ਅਤੇ ਅਮਰਜੀਤ ਸਿੰਘ ਹੋਰਾਂ ਨੇ ਮੰਗ ਕੀਤੀ ਕਿ ਪਹਿਲਾਂ ਵਾਂਗ ਹੀ ਕਣਕ ਦੀ ਖਰੀਦ ਕੀਤੀ ਜਾਵੇ ਨਹੀਂ ਤਾਂ ਯੂਨੀਅਨ ਸੰਘਰਸ਼ ਹੋਰ ਪ੍ਰਚੰਡ ਕਰੇਗੀ।