ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 1 ਮਾਰਚ
ਖਾਣੇ ਲਈ ਵਰਤੇ ਜਾਣ ਵਾਲੇ ਤੇਲਾਂ ਵਿੱਚ ਹੋ ਰਹੀ ਵੱਡੀ ਮਿਲਾਵਟ ਅਤੇ ਇਸ ਦੇ ਮਹਿੰਗੇ ਭਾਅ ਨੇ ਇਸ ਵਾਰ ਕਿਸਾਨਾਂ ਨੂੰ ਸਰ੍ਹੋਂ ਦੀ ਫਸਲ ਬੀਜਣ ਲਈ ਮਜਬੂਰ ਕਰ ਦਿੱਤਾ ਹੈ। ਸੂਚਨਾ ਅਨੁਸਾਰ ਫ਼ਰੀਦਕੋਟ ਜ਼ਿਲ੍ਹੇ ਵਿੱਚ ਪਿਛਲੇ ਸਾਲ 750 ਕਿੱਲੇ ਰਕਬੇ ’ਚ ਸਰ੍ਹੋਂ ਦੀ ਕਾਸ਼ਤ ਹੋਈ ਸੀ ਜਦੋਂਕਿ ਇਸ ਵਾਰ ਫ਼ਰੀਦਕੋਟ ਜ਼ਿਲ੍ਹੇ ਵਿੱਚ 2600 ਕਿੱਲੇ ਰਕਬੇ ਵਿੱਚ ਸਰ੍ਹੋਂ ਦੀ ਕਾਸ਼ਤ ਹੋਈ ਹੈ। ਸਰ੍ਹੋਂ ਦੇ ਤੇਲ ਦਾ ਭਾਅ ਪਿਛਲੇ ਪੰਜ ਮਹੀਨਿਆਂ ਤੋਂ ਲਗਾਤਾਰ ਵਧ ਰਿਹਾ ਹੈ। 90 ਰੁਪਏ ਲਿਟਰ ਮਿਲਣ ਵਾਲਾ ਸਰ੍ਹੋਂ ਦਾ ਤੇਲ ਬਾਜ਼ਾਰ ਵਿੱਚ ਇਸ ਵੇਲੇ 185 ਰੁਪਏ ਲਿਟਰ ਮਿਲ ਰਿਹਾ ਹੈ ਜੋ ਆਮ ਖਪਤਕਾਰ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ। ਦਿਲਚਸਪ ਤੱਥ ਇਹ ਹੈ ਕਿ ਪਿਛਲੇ ਸਾਲ ਕੌਡੀਆਂ ਦੇ ਭਾਅ ਸਰ੍ਹੋਂ ਦੀ ਫਸਲ ਵੇਚਣ ਵਾਲੇ ਕਿਸਾਨਾਂ ਨੂੰ ਵੀ ਤੇਲ ਮਹਿੰਗੇ ਭਾਅ ਖਰੀਦਣਾ ਪੈ ਰਿਹਾ ਹੈ। ਪਿੰਡ ਹਰਦਿਆਲੇਆਣਾ ਦੇ ਕਿਸਾਨ ਕੁਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸਰ੍ਹੋਂ ਦਾ ਤੇਲ ਮਹਿੰਗਾ ਹੋਣ ਦੇ ਨਾਲ-ਨਾਲ ਇਸ ਵਿੱਚ ਮਿਲਾਵਟ ਵੀ ਵੱਡੇ ਪੱਧਰ ’ਤੇ ਹੋ ਰਹੀ ਹੈ ਜਿਸ ਦਾ ਲੋਕਾਂ ਨੂੰ ਦੂਹਰਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਫ਼ਰੀਦਕੋਟ ਜ਼ਿਲ੍ਹੇ ਵਿੱਚ ਲਗਪਗ ਹਰ ਕਿਸਾਨ ਨੇ ਆਪਣੀ ਘਰੇਲੂ ਵਰਤੋਂ ਲਈ ਸਰ੍ਹੋਂ ਦੀ ਕਾਸ਼ਤ ਕੀਤੀ ਹੈ ਅਤੇ ਕੁਝ ਕਿਸਾਨਾਂ ਨੇ ਵਪਾਰਕ ਮਕਸਦ ਨਾਲ ਵੀ ਸਰ੍ਹੋਂ ਦੀ ਕਾਸ਼ਤ ਨੂੰ ਪਹਿਲ ਦਿੱਤੀ ਹੈ। ਕਿਰਤੀ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਮਹਿੰਗਾਈ ਦੇ ਟਾਕਰੇ ਲਈ ਕਿਸਾਨ ਉਨ੍ਹਾਂ ਫਸਲਾਂ ਨੂੰ ਤਰਜੀਹ ਦੇਣ ਜਿਨ੍ਹਾਂ ਨੂੰ ਉਹ ਖੁਦ ਵਰਤਦੇ ਹਨ। ਉਨ੍ਹਾਂ ਕਿਹਾ ਕਿ ਤੇਲ ਅਤੇ ਦਾਲਾਂ ਦੀ ਕਾਸ਼ਤ ਪੰਜਾਬ ਦੇ ਲੋਕਾਂ ਨੂੰ ਕੰਗਾਲੀ ਵਿੱਚੋਂ ਕੱਢ ਸਕਦੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਵਿੱਚ ਦਾਲਾਂ ਨੂੰ ਐੱਮਐੱਸਪੀ ਅਧੀਨ ਲਿਆਉਣ ਦੀ ਮੰਗ ਕੀਤੀ ਹੈ। ਫ਼ਰੀਦਕੋਟ ਦੇ ਮੁੱਖ ਖੇਤੀਬਾੜੀ ਅਫ਼ਸਰ ਕਿਰਨਜੀਤ ਸਿੰਘ ਗਿੱਲ ਨੇ ਕਿਹਾ ਕਿ ਇਸ ਵਾਰ ਫ਼ਰੀਦਕੋਟ ਜ਼ਿਲ੍ਹੇ ਵਿੱਚ ਸਰ੍ਹੋਂ ਦੀ ਕਾਸ਼ਤ ਹੇਠਲੇ ਰਕਬੇ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰ੍ਹੋਂ ਦੀ ਫਸਲ ਲਈ ਇਸ ਵਾਰ ਮੌਸਮ ਵੀ ਸਾਜਗਾਰ ਰਿਹਾ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਹੁਣ ਗਰਮੀ ਵਧਣ ਕਾਰਨ ਸਰ੍ਹੋਂ ਦੀ ਫਸਲ ਉੱਪਰ ਤੇਲ ਪੀਣ ਵਾਲੇ ਕੀੜੇ (ਤੇਲੇ) ਦਾ ਹਮਲਾ ਹੋ ਸਕਦਾ ਹੈ ਅਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਕਿਸਾਨਾਂ ਨੂੰ ਪ੍ਰਮਾਣਿਤ ਐਕਟਾਵਾ ਦਵਾਈ ਦੀ ਸਪਰੇਅ ਕਰਨ ਦੀ ਸਲਾਹ ਦਿੱਤੀ ਗਈ ਹੈ।