ਜੋਗਿੰਦਰ ਸਿੰਘ ਮਾਨ
ਮਾਨਸਾ, 22 ਜਨਵਰੀ
ਰਾਜ ਦੀ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਮਾਨਸਾ ਜ਼ਿਲ੍ਹੇ ’ਚ ਚੋਣ ਮੈਦਾਨ ’ਚ ਉਤਾਰੇ ਗਏ ਨਵੇਂ ਚਿਹਰਿਆਂ ਨੂੰ ਪੁਰਾਣਿਆਂ ਤੋਂ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਵੱਲੋਂ ਮਾਨਸਾ ਵਿਧਾਨ ਸਭਾ ਹਲਕੇ ਤੋਂ ਉਤਾਰੇ ਗਏ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਭਾਵੇਂ ਨਵੇਂ ਕਾਂਗਰਸੀ ਆਗੂ ਚੱਲ ਪਏ ਹਨ, ਪਰ ਪੁਰਾਣਿਆਂ ਵਿਚੋਂ ਅਜੇ ਵੀ ਬਹੁਤ ਖੁੱਲ੍ਹ ਕੇ ਨਹੀਂ ਚੱਲੇ ਹਨ, ਜਿਸ ਕਰਕੇ ਉਸ ਦੀ ਚੋਣ ਮੁਹਿੰਮ ਨੂੰ ਠੰਢ ਦੇ ਦਿਨਾਂ ਦੌਰਾਨ ਕੰਬਣੀ ਛਿੜੀ ਹੋਈ ਹੈ।
ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਸਿੱਧੂ ਮੂਸੇਵਾਲਾ ਨਾਲ ਅਜੇ ਤੱਕ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰਬੀਰ ਸਿੰਘ ਚਹਿਲ ਅਤੇ ਮਰਹੂਮ ਸਾਬਕਾ ਮੰਤਰੀ ਸ਼ੇਰ ਸਿੰਘ ਗਾਗੋਵਾਲ ਦਾ ਪਰਿਵਾਰ ਨਾਲ ਨਹੀਂ ਤੁਰਿਆ ਹੈ। ਬੇਸ਼ੱਕ ਸਿੱਧੂ ਮੂਸੇਵਾਲਾ ਵੱਲੋਂ ਕੁਝ ਟਕਸਾਲੀ ਉਮੀਦਵਾਰਾਂ ਨੂੰ ਨਾਲ ਤੋਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ, ਪਰ ਜਿੰਨਾ ਚਿਰ ਕਾਂਗਰਸ ਲਈ ਵਿਧਾਨ ਸਭਾ ਹਲਕੇ ਵਿੱਚ ਮੁੱਖ ਅਹੁਦੇਦਾਰ ਖੁੱਲ੍ਹ ਕੇ ਨਹੀਂ ਚੱਲਦੇ, ਓਨਾ ਚਿਰ ਮੂਸੇਵਾਲਾ ਲਈ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਾ ਆਸਾਨ ਨਹੀਂ ਹੋਵੇਗਾ। ਸਿੱਧੂ ਮੂਸੇਵਾਲਾ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਉਤਾਰੇ ਜਾਣ ਵਾਲੇ ਉਮੀਦਵਾਰ ਤੋਂ ਵੀ ਅਜੇ ਖ਼ਤਰੇ ਦੀ ਘੰਟੀ ਵੱਜਣੀ ਬਾਕੀ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਪ੍ਰੇਮ ਅਰੋੜਾ ਅਤੇ ਸੰਯੁਕਤ ਸਮਾਜ ਮੋਰਚੇ ਵੱਲੋਂ ਮੈਦਾਨ ਵਿੱਚ ਉਤਾਰੇ ਗੁਰਨਾਮ ਸਿੰਘ ਭੀਖੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਵਿਜੈ ਸਿੰਗਲਾ ਵੱਲੋਂ ਫਸਵੀਂ ਟੱਕਰ ਦਿੱਤੇ ਜਾਣ ਕਾਰਨ ਕਈ ਤਰ੍ਹਾਂ ਦੀਆਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਮੈਦਾਨ ਵਿੱਚ ਉਤਾਰੇ ਉਮੀਦਵਾਰ ਡਾ. ਰਣਬੀਰ ਕੌਰ ਮੀਆਂ ਲਈ ਵੀ ਅਨੇਕਾਂ ਤਰ੍ਹਾਂ ਦੀਆਂ ਖ਼ਤਰੇ ਵਾਲੀਆਂ ਘੰਟੀਆਂ ਵੱਜ ਰਹੀਆਂ ਹਨ। ਟਿਕਟ ਨਾ ਮਿਲਣ ਤੋਂ ਨਾਰਾਜ਼ ਦੋ ਵਾਰ ਚੋਣ ਲੜ ਚੁੱਕੇ ਰਣਜੀਤ ਕੌਰ ਭੱਟੀ, ਸੱਤਪਾਲ ਸਿੰਘ ਮੂਲੇਵਾਲਾ, ਬਲਵੰਤ ਸਿੰਘ ਭੀਖੀ ਅਤੇ ਕਈ ਹੋਰ ਸੀਨੀਅਰ ਕਾਂਗਰਸੀ ਨੇਤਾ ਇਸ ਉਮੀਦਵਾਰ ਨਾਲ ਖੁੱਲ੍ਹਕੇ ਨਹੀਂ ਚੱਲ ਹਨ। ਭਾਵੇਂ ਸੱਤਾਧਾਰੀ ਪਾਰਟੀ ਨੂੰ ਰਾਜ ਵਿੱਚ ਆਪਣੇ ਰਾਜ-ਭਾਗ ਹੋਣ ਤੋਂ ਹੌਸਲਾ ਮਿਲਣਾ ਚਾਹੀਦਾ ਸੀ, ਪਰ ਇਥੇ ਵੀ ਮਾਨਸਾ ਵਿਧਾਨ ਸਭਾ ਹਲਕੇ ਵਾਲਾ ਹਾਲ ਹੈ।