ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 9 ਅਗਸਤ
ਪਿਛਲੇ ਦਿਨੀਂ ਆਏ ਭਾਰੀ ਮੀਹਾਂ ਦੇ ਕਾਰਨ ਮੁਕਤਸਰ ਜ਼ਿਲ੍ਹੇ ਦੇ ਪਿੰਡਾਂ ਲੱਕੜਵਾਲਾ ਤੇ ਲਖਮੀਰੇਆਣਾ ਆਦਿ ਵਿੱਚ ਹੜ੍ਹਾਂ ਦੀ ਗੰਭੀਰ ਸਥਿਤੀ ਪੈਦਾ ਹੋਣ ਕਰਕੇ ਮਨੁੱਖਾਂ ਦੇ ਨਾਲ-ਨਾਲ ਪਸ਼ੂਆਂ ਲਈ ਵੀ ਖੁਰਾਕ ਦਾ ਸੰਕਟ ਪੈਦਾ ਹੋ ਗਿਆ ਹੈ। ਅਜਿਹੀ ਔਖੀ ਘੜੀ ਵਿੱਚ ਮੁਕਤਸਰ ਦੇ ਅਗਾਂਹਵਧੂ ਕਿਸਾਨ ਪਰਮਜੀਤ ਸਿੰਘ ਬਿੱਲੂ ਸਿੱਧੂ ਵੱਲੋਂ ਮਲੋਟ ਹਲਕੇ ਦੇ ਪਿੰਡਾਂ ਵਿੱਚ ਰੋਜ਼ਾਨਾ ਇਕ ਟਰਾਲੀ ਪੱਠਿਆਂ ਦੀ ਭੇਜੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਨ੍ਹਾਂ ਪਿੰਡਾਂ ਵਿੱਚ ਪਾਣੀ ਦੀ ਮਾਰ ਨੇ ਫਸਲਾਂ ਦੇ ਨਾਲ-ਨਾਲ ਪੱਠਿਆਂ ਦਾ ਵੀ ਭਾਰੀ ਨੁਕਸਾਨ ਕਰ ਦਿੱਤਾ ਸੀ। ਖਾਸ ਤੌਰ ਤੇ ਗਰੀਬ ਲੋਕਾਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਸੀ। ਇਸ ਲਈ ਬਿੱਲੂ ਸਿੱਧੂ ਨੇ ਆਪਣੇ ਵੇਚੇ ਹੋਏ ਪੱਠਿਆਂ ਦੀ ਕੀਮਤ ਵਾਪਸ ਕਰਕੇ ਇਹ ਪੱਠੇ ਪੀੜਤਾਂ ਨੂੰ ਮੁਫਤ ਦੇਣ ਦਾ ਫੈਸਲਾ ਕੀਤਾ ਹੈ। ਪੱਠੇ ਵਢਾ ਕੇ ਆਪਣੀ ਟਰਾਲੀ ਰਾਹੀਂ ਭੇਜਦੇ ਹਨ ਜਿਸਦੀ ਇਲਾਕੇ ਚ ਭਾਰੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਬਿੱਲੂ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਕਰੀਬ 2 ਕਿਲੇ ਜਵਾਰ ਤੇ ਮੱਕੀ ਦੇ ਹਨ ਜਿਹੜੇ ਉਹ ਹੜ ਪੀੜਤਾਂ ਦੀ ਮਦਦ ਲਈ ਭੇਜ ਰਹੇ ਹਨ।