ਪੱਤਰ ਪ੍ਰੇਰਕ
ਜ਼ੀਰਾ, 7 ਮਾਰਚ
ਬੀਤੀ 18 ਫਰਵਰੀ ਨੂੰ ਥਾਣਾ ਸਦਰ ਜ਼ੀਰਾ ਅਧੀਨ ਪੈਂਦੇ ਪਿੰਡ ਸੰਤੂਵਾਲਾ ਤੋਂ ਲਾਪਤਾ ਹੋਈ ਪਿੰਡ ਠੱਠਾ ਦਲੇਲ ਸਿੰਘ ਦੀ ਵਸਨੀਕ 60 ਸਾਲਾ ਅੰਗਰੇਜ਼ ਕੌਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਪੁਲੀਸ ਨੇ ਕਤਲ ਦੀ ਵਾਰਦਾਤ ਵਿੱਚ ਸ਼ਾਮਲ ਮ੍ਰਿਤਕਾ ਦੀ ਨੂੰਹ ਤੇ ਭਾਣਜੇ ਸਮੇਤ ਤਿੰਨ ਜਣਿਆਂ ਨੂੰ ਕਾਬੂ ਕਰਕੇ ਮ੍ਰਿਤਕਾ ਦੀ ਲਾਸ਼, ਸੋਨੇ ਦੀਆਂ ਵਾਲੀਆਂ, ਲਾਕੇਟ ਸਮੇਤ ਚੇਨ, ਮੋਬਾਈਲ ਫ਼ੋਨ ਤੇ ਵਾਰਦਾਤ ਸਮੇਂ ਵਰਤੀ ਗਈ ਕਾਰ ਬਰਾਮਦ ਕਰ ਲਈ ਗਈ ਹੈ। ਇਸ ਸਮੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਸ਼ਹਿਰੀ ਜ਼ੀਰਾ ਦੇ ਐੱਸਐੱਚਓ ਮੋਹਿਤ ਧਵਨ ਨੇ ਦੱਸਿਆ ਕਿ ਇਹ ਕਤਲ ਮ੍ਰਿਤਕਾ ਦੀ ਨੂੰਹ ਤੇ ਉਸ ਦੇ ਭਾਣਜੇ ਨਾਲ ਚਲਦੇ ਪ੍ਰੇਮ ਸਬੰਧਾਂ ਵਿਚ ਰੁਕਾਵਟ ਬਣਨ ਕਾਰਨ ਕੀਤਾ ਗਿਆ ਸੀ, ਉਨ੍ਹਾਂ ਦੱਸਿਆ ਕਿ 18 ਫਰਵਰੀ ਨੂੰ ਪਿੰਡ ਸੰਤੂਵਾਲਾ ਤੋਂ ਲਾਪਤਾ ਹੋਈ ਪਿੰਡ ਠੱਠਾ ਦਲੇਲ ਸਿੰਘ ਵਾਲਾ ਦੀ ਵਸਨੀਕ ਅੰਗਰੇਜ਼ ਕੌਰ ਦੇ ਪੁੱਤਰ ਸੁਖਦੀਪ ਸਿੰਘ ਦੇ ਬਿਆਨਾਂ ’ਤੇ ਥਾਣਾ ਸਿਟੀ ਜ਼ੀਰਾ ਵਿੱਚ ਕੇਸ ਦਰਜ ਕਰਨ ਉਪਰੰਤ ਅੰਗਰੇਜ਼ ਕੌਰ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ 25 ਫਰਵਰੀ ਨੂੰ ਅੰਗਰੇਜ਼ ਕੌਰ ਦੇ ਪਤੀ ਬਲਵਿੰਦਰ ਸਿੰਘ ਨੂੰ ਜਗਤਾਰ ਸਿੰਘ ਵਾਸੀ ਬੋਤੀਆਂ ਵਾਲਾ ਨੇ ਇਤਲਾਹ ਕੀਤੀ ਕਿ ਅੰਗਰੇਜ਼ ਕੌਰ ਦੀ ਲਾਸ਼ ਪਿੰਡ ਕੋਠੇ ਗਾਦੜੀ ਵਾਲਾ ਰੋਡ ਤੇ ਟਾਈਲ ਫੈਕਟਰੀ ਨੇੜੇ ਪਈ ਹੈ, ਜਿਸ ਸਬੰਧੀ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਬਰਾਮਦ ਹੋਣ ਤੋਂ ਬਾਅਦ ਮ੍ਰਿਤਕਾ ਦੇ ਮੋਬਾਈਲ ਫੋਨ ਦੀਆਂ ਕਾਲ ਡਿਟੇਲ, ਖੁੂਫੀਆ ਜਾਣਕਾਰੀਆਂ ਦੇ ਆਧਾਰ ਤੇ ਬੀਤੇ ਕੱਲ ਮ੍ਰਿਤਕਾ ਦੀ ਨੂੰਹ ਸਰਬਜੀਤ ਕੌਰ, ਰਾਜਵਿੰਦਰ ਸਿੰਘ ਅਤੇ ਗੁਰਰਾਜਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਸਮੇਂ ਵਰਤੀ ਇੰਡੀਗੋ ਕਾਰ ਨੰਬਰ ਪੀਬੀ .29 ਓ-4590 ਮ੍ਰਿਤਕਾਂ ਦੀਆਂ ਸੋਨੇ ਦੀਆਂ ਵਾਲੀਆਂ, ਇਕ ਲਾਕੇਟ ਸਮੇਤ ਚੈਨ, ਬੂਟ ਅਤੇ ਮੋਬਾਈਲ ਫੋਨ ਬਰਾਮਦ ਕਰ ਲਏ ਗਏ ਹਨ।
ਉਨ੍ਹਾਂ ਦੱਸਿਆ ਕਿ ਰਾਜਵਿੰਦਰ ਸਿੰਘ ਅਤੇ ਸਰਬਜੀਤ ਕੌਰ ਦੇ ਆਪਸ ਵਿੱਚ ਪ੍ਰੇਮ ਸੰਬੰਧ ਸਨ ਅਤੇ ਅੰਗਰੇਜ਼ ਕੌਰ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦੀ ਸੀ , ਜਿਨ੍ਹਾਂ ਨੇ ਹਮਮਸ਼ਵਰਾ ਹੋ ਕੇ ਅੰਗਰੇਜ਼ ਕੌਰ ਨੂੰ ਅਗਵਾ ਕਰਨ ਤੋਂ ਬਾਅਦ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਪੁੱਛਗਿੱਛ ਦੌਰਾਨ ਹੋਰ ਸੁਰਾਗ ਮਿਲਣ ਦੀ ਵੀ ਸੰਭਾਵਨਾ ਹੈ।
ਕਹੀ ਮਾਰ ਕੇ ਵਿਅਕਤੀ ਦਾ ਕਤਲ
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਨੇੜਲੇ ਪਿੰਡ ਖਿੱਲਣ ਵਿਖੇ ਬੀਤੀ ਰਾਤ ਇਕ 57 ਸਾਲਾ ਵਿਅਕਤੀ ਜਸਦੇਵ ਸਿੰਘ ਦਾ ਕਿਸੇ ਵਿਅਕਤੀ ਨੇ ਕਹੀ ਮਾਰ ਕੇ ਕਤਲ ਕਰ ਦਿੱਤਾ। ਪੁਲੀਸ ਨੂੰ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਇਸ ਮਾਮਲੇ ਸਬੰਧੀ ਕੇਸ ਦਰਜ ਕਰਕੇ ਪੜਤਾਲ ਆਰੰਭ ਦਿੱਤੀ ਗਈ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੁਲੀਸ ਨੇ ਇਸ ਕਤਲ ਸਬੰਧੀ ਪਰਚਾ ਦਰਜ ਕਰਨ ਤੋਂ ਬਾਅਦ ਪੁੱਛਗਿੱਛ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਕਸੂਰਵਾਰ ਨੂੰ ਛੇਤੀ ਹੀ ਫੜ੍ਹ ਲਿਆ ਜਾਵੇਗਾ.
ਨਰਿੰਦਰਪਾਲ ਨੀਲ ਦੀ ਹੱਤਿਆ ਦਾ ਮਾਮਲਾ ਸੁਲਝਿਆ
ਗਿੱਦੜਬਾਹਾ (ਪੱਤਰ ਪੇ੍ਰਕ): ਬੀਤੀ 16 ਫਰਵਰੀ ਦੀ ਸਥਾਨਕ ਭਾਰੂ ਚੌਂਕ ਦੇ ਨਜ਼ਦੀਕ ਆਪਣੀ ਆਈ-20 ਕਾਰ ਵਿਚ ਭੇਦਭਰੇ ਹਾਲਾਤ ਵਿਚ ਮਿਲੇ ਬਠਿੰਡਾ ਨਿਵਾਸੀ ਨਰਿੰਦਰਪਾਲ ਨੀਲ ਦੇ ਅੰਨ੍ਹੇ ਕਤਲ ਦੀ ਗੁੱਥੀ ਪੁਲੀਸ ਨੇ ਡੀਐੱਸਪੀ ਨਰਿੰਦਰ ਸਿੰਘ ਦੀ ਅਗਵਾਈ ਵਿਚ ਸੁਲਝਾਉਂਦੇ ਹੋਏ ਮ੍ਰਿਤਕ ਦੀ ਪ੍ਰੇਮਿਕਾ ਸੁਮਨ ਪਾਂਡੇ ਅਤੇ ਉਸ ਦੇ ਸਾਥੀ ਨਵੀਨ ਕੁਮਾਰ ਉਰਫ ਕਾਕੂ ਸਿੰਘ ਵਾਸੀਆਨ ਅਬੋਹਰ ਨੂੰ ਗਿ੍ਰਫਤਾਰ ਕਰ ਕੇ ਗਿੱਦੜਬਾਹਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਐਸਐਚਓ ਅੰਗਰੇਜ਼ ਸਿੰਘ ਨੇ ਦੱਸਿਆ ਕਿ ਜਿਸ ਕੰਪਨੀ ਵਿੱਚ ਉਕਤ ਨਰਿੰਦਰਪਾਲ ਨੀਲ ਕੰਮ ਕਰਦਾ ਸੀ ਉਸ ਕੰਪਨੀ ਵਿਚ ਹੀ ਉਕਤ ਸੁਮਨ ਪਾਂਡੇ ਵੀ ਕੰਮ ਕਰਦੀ ਸੀ ਜਿੱਥੇ ਉਨ੍ਹਾਂ ਦੋਨਾਂ ਦੇ ਵਿਚਾਲੇ ਸਬੰਧ ਬਣ ਗਏ। ਇਸ ਦੌਰਾਨ ਸੁਮਨ ਅਤੇ ਨੀਲ ਦੇ ਵਿਚਕਾਰ ਮਨ ਮੁਟਾਵ ਗਿਆ। ਸੁਮਨ ਪਾਂਡੇ ਨੇ ਆਪਣੇ ਇੱਕ ਹੋਰ ਸਾਥੀ ਨਵੀਨ ਕੁਮਾਰ ਉਰਫ ਕਾਕੂ ਨਾਲ ਮਿਲ ਕੇ ਨਰਿੰਦਰਪਾਲ ਨੀਲ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲੀਸ ਨੇ ਸੁਮਨ ਪਾਂਡੇ ਅਤੇ ਨਵੀਨ ਕੁਮਾਰ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।