ਨਿਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 10 ਮਈ
ਪਿੰਡ ਕੋਟਲੀ ਦੇਵਨ ਵਿੱਚ ਹੋਏ ਪਰਵਾਸੀ ਵਿਅਕਤੀ ਦੇ ਕਤਲ ਦੇ ਮਾਮਲੇ ਨੂੰ ਥਾਣਾ ਸਦਰ ਦੀ ਪੁਲੀਸ ਨੇ 12 ਘੰਟਿਆ ’ਚ ਹੱਲ ਕਰ ਲਿਆ| ਬੀਤੇ ਕੱਲ੍ਹ ਹੀ ਕੋਟਲੀ ਦੇਵਨ ਰੋਡ ’ਤੇ ਕਾਂਤਾ ਪ੍ਰਸ਼ਾਦ ਪਰਵਾਸੀ ਵਿਅਕਤੀ ਜੋ ਸ੍ਰੀ ਮੁਕਤਸਰ ਸਾਹਿਬ ਦੇ ਦੁਰਗਾ ਰਾਈਸ ਮਿੱਲ ’ਚ ਕੰਮ ਕਰਦਾ ਸੀ ਤੇ ਕਈ ਮਹੀਨਿਆਂ ਤੋਂ ਇਥੇ ਰਹਿ ਰਿਹਾ ਸੀ, ਦਾ ਦੇਰ ਸ਼ਾਮ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਕਤਲ ਕਰ ਦਿੱਤਾ ਸੀ| ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੋਟਲੀ ਦੇਵਨ ਰੋਡ ’ਤੇ ਇੱਕ ਲਾਸ਼ ਪਈ ਹੈ। ਜਾਂਚ ਕਰਨ ’ਤੇ ਲਾਸ਼ ਕੋਲ ਬੈਠੇ ਮਿ੍ਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਕਤਲ ਉਸ ਦੇ ਸ਼ਰੀਕੇ ’ਚੋਂ ਹਰੀ ਰਾਮ ਵੱਲੋਂ ਕਰਨ ਦਾ ਖਦਸ਼ਾ ਹੈ|ਪੁਲੀਸ ਨੇ ਹਰੀ ਰਾਮ ਤੇ ਪ੍ਰਵੀਨ ਉਰਫ ਬੌਬੀ ਵਾਸੀ ਬਸਤੀ ਜਲਾਲਾਬਾਦ ਖ਼ਿਲਾਫ਼ ਕੇਸ ਦਰਜ ਕਰ ਲਿਆ ਤੇ ਹਰੀ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਿਆਨਾਂ ਮੁਤਾਬਕ ਹਰੀਰਾਮ ਕਾਲੇ ਜਾਦੂ ’ਚ ਵਿਸ਼ਵਾਸ ਰੱਖਦਾ ਸੀ ਤੇ ਕਾਂਤਾ ਪ੍ਰਸ਼ਾਦ ਕਾਲਾ ਜਾਦੂ ਜਾਣਦਾ ਸੀ। 5 ਮਹੀਨੇ ਪਹਿਲਾਂ ਹਰੀ ਰਾਮ ਦੇ 12 ਸਾਲਾ ਲੜਕੇ ਦੀ ਮੌਤ ਹੋ ਗਈ ਸੀ, ਜਿਸ ਦਾ ਕਾਰਨ ਉਹ ਕਾਂਤਾ ਪ੍ਰਸ਼ਾਦ ਨੂੰ ਮੰਨਦਾ ਸੀ ਕਿ ਕਾਲੇ ਜਾਦੂ ਨਾਲ ਉਸ ਦੇ ਬੇਟੇ ਦੀ ਜਾਨ ਗਈ ਹੈ। ਰੰਜਿਸ਼ ਕਾਰਨ ਉਸ ਨੇ ਆਪਣੇ ਸਾਥੀ ਨਾਲ ਮਿਲ ਕੇ ਕਾਂਤਾਪ੍ਰਸ਼ਾਦ ਦਾ ਕਤਲ ਕਰ ਦਿੱਤਾ।