ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 15 ਜੂਨ
ਥਾਣਾ ਸਿਟੀ ਅੰਦਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਮੌੜ ਵਿੱਚ ਤਕਰੀਬਨ 2 ਮਹੀਨੇ ਪਹਿਲਾਂ ਇੱਕ ਮਜ਼ਦੂਰ ਦੀ ਹੋਈ ਹੱਤਿਆ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਨਾਲ ਥਾਣਾ ਸਿਟੀ ਦੇ ਐੱਸਐੱਚਓ ਗੁਲਜਿੰਦਰ ਪਾਲ ਸਿੰਘ ਵੱਲੋਂ ਪੀੜਤ ਪਰਿਵਾਰ ਨਾਲ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਮੰਗ ਕਰਨ ਮੌਕੇ ਕੀਤੇ ਜਾਂਦੇ ਕਥਿਤ ਦੁਰਵਿਹਾਰ ਕਰਨ ’ਤੇ ਘਿਰਾਓ ਕੀਤਾ ਗਿਆ। ਇਸ ਘਿਰਾਓ ਮੌਕੇ ਕੋਟਕਪੂਰਾ ਪੁਲੀਸ ਦੇ ਅਧਿਕਾਰੀ ਮੌਕੇ ਤੋਂ ਖਿਸਕ ਗਏ। ਜਾਣਕਾਰੀ ਮੁਤਾਬਕ ਧਰਨਾ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲਦਾ ਰਿਹਾ। ਇਸ ਦੌਰਾਨ ਕਿਸੇ ਵੀ ਪੁਲੀਸ ਅਧਿਕਾਰੀ ਨੇ ਧਰਨਾਕਾਰੀਆਂ ਦੀ ਗੱਲ ਸੁਣਨ ਦੀ ਗਨੀਮਤ ਨਹੀਂ ਸਮਝੀ। ਸੂਬਾਈ ਆਗੂ ਪੇਂਡੂ ਖੇਤ ਮਜ਼ਦੂਰ ਯੂਨੀਅਨ ਲਖਵੰਤ ਸਿੰਘ ਨੇ ਦੱਸਿਆ ਕਿ 15 ਅਪਰੈਲ ਨੂੰ ਪਿੰਡ ਮੌੜ ਦੇ ਵਸਨੀਕ ਅੰਗਰੇਜ਼ ਸਿੰਘ ਦੀ ਕੁਝ ਵਿਅਕਤੀਆਂ ਨੇ ਹੱਤਿਆ ਕਰ ਦਿੱਤੀ ਸੀ। ਦੋਸ਼ ਹੈ ਕਿ ਇਸ ਹੱਤਿਆ ਕਾਂਡ ਮੌਕੇ ਪੁਲੀਸ ਨੇ ਇਸ ਮਾਮਲੇ ਨੂੰ ਦੁਰਘਟਨਾ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਲੋਕ ਰੋਹ ਕਾਰਨ ਪੁਲੀਸ ਨੂੰ ਇਹ ਕੇਸ ਦਰਜ ਕਰਨਾ ਪਿਆ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹ ਹੁਣ ਤੱਕ 7 ਵਾਰ ਥਾਣੇ ਵਿੱਚ ਆ ਚੁੱਕਾ ਹੈ ਪਰ ਪੁਲੀਸ ਦਾ ਰਵੱਈਆ ਕਥਿਤ ਡਰਾਉਣ-ਧਮਕਾਉਣ ਵਾਲਾ ਹੈ। ਧਰਨਕਾਰੀਆਂ ਨੇ ਦੱਸਿਆ ਕਿ ਸਿਖਰ ਦੀ ਧੁੱਪ ਹੋਣ ਦੇ ਬਾਵਜੂਦ ਉਹ ਧਰਨੇ ’ਤੇ ਬੈਠੇ ਹਨ ਪਰ ਪੁਲੀਸ ਅਧਿਕਾਰੀ ਹੁਣ ਵੀ ਉਨ੍ਹਾਂ ਦੀ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ ਸਨ। ਮ੍ਰਿਤਕ ਦੇ ਭਰਾ ਦੇ ਦੱਸਣ ਮੁਤਾਬਕ ਜਦੋਂ ਉਹ ਥਾਣੇ ਜਾਂਦਾ ਹੈ ਤਾਂ ਉਸਨੂੰ ਥਾਣੇ ਵਿੱਚੋਂ ਬੇਇੱਜ਼ਤ ਕਰ ਕੇ ਕੱਢ ਦਿੱਤਾ ਜਾਂਦਾ ਹੈ। ਉਸਨੇ ਚੇਤਾਵਨੀ ਦਿੱਤੀ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਵੱਡਾ ਕਦਮ ਚੁੱਕਣਗੇ।
‘ਧਰਨਿਆਂ ਦੀਆਂ ਵੀ ਕੋਈ ਖ਼ਬਰਾਂ ਹੁੰਦੀਆਂ ਨੇ’
ਪੱਤਰਕਾਰਾਂ ਨੇ ਜਦੋਂ ਥਾਣਾ ਸਿਟੀ ਦੇ ਐੱਸਐੱਚਓ ਗੁਲਜਿੰਦਰ ਪਾਲ ਸਿੰਘ ਨਾਲ ਗੱਲਬਾਤ ਕਰਕੇ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ‘ਧਰਨੇਆਂ-ਧੁਰਨੇਆਂ ਦੀ ਕੀ ਖ਼ਬਰਾਂ ਹੁੰਦੀਆਂ’ ਅਤੇ ਆਪਣਾ ਪੱਖ ਦੱਸਣ ਤੋਂ ਇਨਕਾਰ ਕਰ ਦਿੱਤਾ। ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਮੀਡੀਆ ਦਾ ਕੋਈ ਫੋਨ ਨਹੀਂ ਚੁੱਕਿਆ।