ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਮਈ
ਥਾਣਾ ਬੱਧਨੀ ਕਲਾਂ ਵਿਖੇ ਖ਼ਤਰਨਾਕ ਗੈਂਗਸਟਰ ਸੁੱਖਾ ਲੰਮੇ ਦੀ ਹੱਤਿਆ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ਼ ਕੀਤਾ ਗਿਆ ਹੈ। ਸੁੱਖਾ ਲੰਮੇ ਨਾਮ ਉਂਤੇ ਇਥੇ ਅਮੀਰ ਲੋਕਾਂ ਤੇ ਕਾਰੋਬਾਰੀਆਂ ਨੂੰ ਫ਼ਿਰੌਤੀ ਲਈ ਧਮਕਾਉਣ ਤੋਂ ਪੂਰੀ ਦਹਿਸ਼ਤ ਫੈਲੀ ਹੋਈ ਸੀ। ਸ਼ਿਕਾਇਤ ਕਰਤਾ ਪੁਲੀਸ ਮੁਖ਼ਬਰ ਦੱਸਿਆ ਜਾ ਰਿਹਾ ਹੈ।
ਥਾਣਾ ਬੱਧਨੀ ਕਲਾਂ ਪੁਲੀਸ ਨੇ ਪ੍ਰਕਾਸ਼ ਸਿੰਘ ਵਾਸੀ ਪ੍ਰੀਤ ਨਗਰ ਮੋਗਾ ਦੇ ਬਿਆਨ ਉੱਤੇ ਅਰਸ਼ਦੀਪ ਸਿੰਘ ਉਰਫ਼ ਅਰਸ਼, ਲਵਪ੍ਰੀਤ ਸਿੰਘ ਉਰਫ਼ ਰਵੀ, ਕਮਲਜੀਤ ਸ਼ਰਮਾਂ ਤਿੰਨੋ ਵਾਸੀ ਪਿੰਡ ਡਾਲਾ ਖ਼ਿਲਾਫ਼ ਆਈਪੀਸੀ ਦੀ ਧਾਰਾ 302/201/34 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜਮ ਅਰਸ਼ਦੀਪ ਕੈਨੇਡਾ ਵਿੱਖੇ ਰਹਿੰਦਾਂ ਦੱਸਿਆ ਜਾਂਦਾ ਹੈ।
ਪੁਲੀਸ ਮੁਤਾਬਕ ਸ਼ਿਕਾਇਤ ਕਰਤਾ ਪ੍ਰਕਾਸ਼ ਸਿੰਘ ਨੇ ਕਿਹਾ ਕਿ ਉਹ ਪ੍ਰਾਪਰਟੀ ਸਲਾਹਕਾਰ ਦਾ ਕੰਮ ਕਰਦਾ ਹੈ ਅਤੇ ਮੁਲਜ਼ਮਾਂ ਨੂੰ ਪਹਿਲਾਂ ਤੋਂ ਜਾਣਦਾ ਹੈ। ਜੂਨ 2020 ਦੇ ਅਖੀਰਲੇ ਦਿਨਾ ਵਿੱਚ ਉਹ ਕੰਮਕਾਰ ਦੇ ਸਬੰਧ ਵਿੱਚ ਪਿੰਡ ਲੋਪੋਂ ਤੋਂ ਪਿੰਡ ਦੋਧਰ ਰਾਹੀਂ ਮੋਗਾ ਵੱਲ ਨੂੰ ਆ ਰਿਹਾ ਸੀ ਅਤੇ ਜਦ ਉਹ ਪਿੰਡ ਦੌਧਰ ਵਿਖੇ ਨਹਿਰ ਦੇ ਪੁਲ ਪਾਸ ਪੁੱਜਾ ਤਾਂ ਇਕ ਲਾਲ ਰੰਗ ਦੀ ਬ੍ਰੇਜਾ ਗੱਡੀ ਪਾਸ ਉਕਤ ਤਿਨੇ ਮੁਲਜਮ ਖੜੇ ਸਨ। ਜਦ ਉਹ ਉਹਨਾਂ ਪਾਸ ਰੁਕਣ ਲੱਗਾ ਤਾਂ ਮੁਲਜਮ ਲਵਪ੍ਰੀਤ ਸਿੰਘ ਨੇ ਹੱਥ ਨਾਲ ਇਸ਼ਾਰਾ ਕਰਕੇ ਉਸਨੂੰ ਨੂੰ ਜਾਣ ਲਈ ਕਿਹਾ। ਇਸ ਦੌਰਾਨ ਦੂਜੇ ਦੋਵਾਂ ਮੁਲਜਮਾਂ ਨੇ ਕੋਈ ਚੀਜ ਨਹਿਰ ਵਿੱਚ ਸੁੱਟ ਦਿੱਤੀ। ਉਹ ਚੁੱਪ-ਚਾਪ ਅੱਗੇ ਲੰਘ ਗਿਆ। ਹੁਣ ਅਖਬਾਰ ਵਿੱਚ ਖਬਰ ਪੜ ਕੇ ਉਸਨੂੰ ਨੂੰ ਪੱਤਾ ਲੱਗਾ ਹੈ ਕਿ ਮੁਲਜਮਾਂ ਨੇ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਸੁੱਖਾ ਲੰਮਾਂ ਵਾਸੀ ਲੰਮਾਂ ਜੱਟਪੁਰਾ ਦਾ ਪਿਛਲੇ ਸਾਲ ਕਤਲ ਕਰਕੇ ਉਸਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਸੀ। ਪੁਲੀਸ ਮੁਤਾਬਕ ਸ਼ਿਕਾਇਤ ਕਰਤਾ ਨੇ ਕਿਹਾ ਕਿ ਉਸ ਨੂੰ ਯਕੀਨ ਹੋ ਗਿਆ ਹੈ ਕਿ ਜੂਨ 2020 ਦੇ ਅਖੀਰਲੇ ਦਿਨਾ ਵਿੱਚ ਜਦ ਉਹ ਲੋਪੋਂ ਤੋਂ ਦੋਧਰ ਰਾਹੀ ਮੋਗਾ ਵੱਲ ਨੂੰ ਆ ਰਿਹਾ ਸੀ, ਉਸ ਦਿਨ ਮੁਲਜ਼ਮਾਂ ਨੇ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਸੁੱਖਾ ਲੰਮਾਂ ਦਾ ਕਤਲ ਕਰਕੇ ਉਸਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਸੀ।