ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 13 ਮਈ
ਪੀਣ ਵਾਲੇ ਪਾਣੀ ਦੀ ਭਾਰੀ ਤੰਗੀ ਹੰਢਾ ਰਹੇ ਮੁਕਤਸਰ ਵਾਸੀਆਂ ਨੂੰ ਆਖਿਰ ਹੁਣ ਆਸ ਬੱਝੀ ਹੈ ਕਿ ਉਨ੍ਹਾਂ ਨੂੰ ਦਿਨ ਵਿੱਚ ਤਿੰਨ ਵਾਰ ਪੀਣ ਵਾਲਾ ਸਵੱਛ ਪਾਣੀ ਮਿਲ ਸਕੇਗਾ। ਭਾਵੇਂ ਕਿ ਇਸ ਲਈ ਸਮਾਜ ਸੇਵੀ ਸੁਦਰਸ਼ਨ ਕੁਮਾਰ ਸਿਡਾਨਾ, ਬਲਦੇਵ ਸਿੰਘ ਬੇਦੀ ਅਤੇ ਗੋਬਿੰਦ ਸਿੰਘ ਦਾਬੜਾ ਹੋਰਾਂ ਨੂੰ ਲੰਮੀ ਅਦਾਲਤੀ ਲੜਾਈ ਲੜਣੀ ਪਈ ਹੈ। ਪਹਿਲਾਂ ਜ਼ਿਲ੍ਹਾ ਖਪਤਕਾਰ ਦੇ ਤਤਕਾਲੀ ਪ੍ਰਧਾਨ ਕਰਨੈਲ ਸਿੰਘ ਆਹੀ ਅਤੇ ਮੈਂਬਰ ਸੰਦੀਪ ਕੌਰ ਤੇ ਸੁਖਵਿੰਦਰ ਕੌਰ ਹੋਰਾਂ ਨੇ ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਐਂਡ ਸੈਨੀਟੇਸ਼ਨ, ਪ੍ਰਧਾਨ ਅਤੇ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਮੁਕਤਸਰ ਨੂੰ 27 ਸਤੰਬਰ, 2017 ਨੂੰ ਨਿਰਦੇਸ਼ ਦਿੱਤਾ ਸੀ ਕਿ ਨਗਰ ਪਰਿਸ਼ਦ ਦੇ ਅਧਿਕਾਰ ਖੇਤਰ ਵਿੱਚ ਖਪਤਕਾਰਾਂ ਨੂੰ ਦਿਨ ਵਿੱਚ ਤਿੰਨ ਵੇਲੇ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇ। ਇਸ ਮਗਰੋਂ ਵਿਭਾਗ ਨੇ ਕੌਮੀ ਖਪਤਕਾਰ ਫੋਰਮ ’ਚ ਪਟੀਸ਼ਨ ਦਾਇਰ ਕਰਕੇ ਸਟੇਅ ਲੈ ਲਿਆ। ਕੌਮੀ ਫੋਰਮ ਨੇ ਕੇਸ ਰਿਮਾਂਡ ਕਰਕੇ ਪੰਜਾਬ ਰਾਜ ਸਟੇਟ ਕਮਿਸ਼ਨ ਕੋਲ ਭੇਜ ਦਿੱਤਾ, ਜਿੱਥੇ ਜ਼ਿਲ੍ਹਾ ਫੋਰਮ ਦਾ ਫ਼ੈਸਲਾ ਆਖਰੀ ਫ਼ੈਸਲੇ ਵਜੋਂ ਲਾਗੂ ਹੋ ਗਿਆ ਹੈ। ਸ੍ਰੀ ਸਿਡਾਨਾ ਹੋਰਾਂ ਨੇ ਪ੍ਰਸ਼ਾਸਨ ਤੋਂ ਫ਼ੈਸਲਾ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਕੌਂਸਲ ਪ੍ਰਧਾਨ ਸ਼ਮੀ ਤੇਹਰੀਆ ਨੇ ਕਿਹਾ ਕਿ ਇਹ ਕੇਸ ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਦਾ ਹੈ, ਉਹ ਅਧਿਕਾਰੀਆਂ ਨਾਲ ਸੰਪਰਕ ਕਰਕੇ ਲਾਗੂ ਕਰਨਗੇ।