ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 13 ਫਰਵਰੀ
ਚੋਣ ਪ੍ਰਚਾਰ ਦੇ ਦਿਨੀਂ ਅਕਸਰ ਉਮੀਦਵਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ’ਚ ਟਕਰਾਅ ਦੀਆਂ ਅਤੇ ਇਕ ਦੂਜੇ ਤੋਂ ਪਾਸਾ ਵੱਟਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਪਰ ਮੁਕਤਸਰ ਵਿੱਚ ਸਥਿਤੀ ਇਸ ਦੇ ਉਲਟ ਹੈ। ਇਥੇ ਚੋਣ ਲੜ ਰਹੇ ਸਾਰੇ ਸਿਆਸੀ ਵਿਰੋਧੀਆਂ ਦੇ ਮੁੱਖ ਦਫਤਰ ਇਕੋ ਇਮਾਰਤ ਅਤੇ ਇਕੋ ਸੜਕ ਉਪਰ ਚੱਲ ਰਹੇ ਹਨ। ਇਹ ਉਮੀਦਵਾਰ ਪ੍ਰਚਾਰ ਦੌਰਾਨ ਇਕ ਦੂਜੇ ਉਪਰ ਰੱਜ ਕੇ ਸਿਆਸੀਵਾਰ ਕਰਦੇ ਹਨ ਪਰ ਨੈਤਿਕ ਮਰਿਆਦਾਵਾਂ ਦਾ ਉਲੰਘਣਾ ਨਹੀਂ ਕਰਦੇ ਜਿਸ ਕਰਕੇ ਮੁਕਤਸਰ ’ਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਹੈ।
ਕਾਂਗਰਸ ਦੀ ਉਮੀਦਵਾਰ ਕਰਨ ਕੌਰ ਬਰਾੜ ਅਤੇ ਸੰਯੁਕਤ ਸਮਾਜ ਮੋਰਚਾ ਦੀ ਅਨੁਰੂਪ ਕੌਰ ਸੰਧੂ ਦਾ ਦਫਤਰ ਇਥੇ ਕੋਟਕਪੂਰਾ ਰੋਡ ਉਪਰ ਜਗਦੇਵ ਹੋਟਲ ਵਿੱਚ ਚੱਲ ਰਿਹਾ ਹੈ। ਦੋਵੇਂ ਦਫਤਰਾਂ ਦੀ ਕੰਧ ਸਾਂਝੀ ਹੈ। ਇਥੋਂ ਹੀ ਪ੍ਰਚਾਰ ਵਾਸਤੇ ਨਾਅਰੇ ਲਾਉਂਦੇ ਵਾਹਨ ਤੋਰੇ ਜਾਂਦੇ ਹਨ। ਇਥੇ ਹੀ ਦੋਵੇਂ ਉਮੀਦਵਾਰ ਆਪਣੀ ਪ੍ਰਚਾਰ ਨੀਤੀ ਬਣਾਉਂਦੇ ਹਨ। ਇਸ ਦੌਰਾਨ ਭੀੜ-ਭੜੱਕਾ ਤੇ ਰੌਲਾ-ਰੱਪਾ ਵੀ ਪੈਂਦਾ ਹੈ। ਪਰ ਦੋਵੇਂ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਕਦੇ ਵੀ ਆਪ ’ਚ ਕੋਈ ਤਕਰਾਰ ਨਹੀਂ ਕੀਤਾ। ਇਸੇ ਤਰ੍ਹਾਂ ਅਕਾਲੀ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਭਾਜਪਾ ਉਮੀਦਵਾਰ ਗੋਰਾ ਪਠੇਲਾ ਅਤੇ ਆਪ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦਾ ਦਫਤਰ ਵੀ ਕੋਟਕਪੂਰਾ ਰੋਡ ਉਪਰ ਨੇੜੇ-ਨੇੜੇ ਚੱਲ ਰਹੇ ਹਨ ਤੇ ਉਨ੍ਹਾਂ ਨੇ ਰਾਜਸੀ ਪ੍ਰਚਾਰ ਪਾਰਾ ਚੜ੍ਹਣ ਦੇ ਦੌਰਾਨ ਵੀ ਆਪਣਾ ਆਪਸੀ ਭਾਈਚਾਰਾ ਨਹੀਂ ਵਿਗਾੜਿਆ ਜਿਸ ਕਰਕੇ ਲੋਕਾਂ ’ਚ ਸਾਰੇ ਉਮੀਦਵਾਰਾਂ ਦੀ ਸਰਾਹਨਾ ਕੀਤੀ ਜਾ ਰਹੀ ਹੈ।