ਸ਼ਗਨ ਕਟਾਰੀਆ
ਜੈਤੋ, 14 ਸਤੰਬਰ
ਪੰਜਾਬ ਸਰਕਾਰ ਵੱਲੋਂ ਅੱਜ ਇਥੇ ਯੂਨੀਵਰਸਿਟੀ ਕਾਲਜ ਵਿੱਚ ਲੱਗੇ ਮੈਗਾ ਰੁਜ਼ਗਾਰ ਮੇਲੇ ਦਾ ਉਦਘਾਟਨ ਮੈਂਬਰ ਲੋਕ ਸਭਾ ਮੁਹੰਮਦ ਸਦੀਕ ਨੇ ਕੀਤਾ। ਇਸ ਮੌਕੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਅਤੇ ਐਸਡੀਐਮ ਜੈਤੋ ਡਾ. ਮਨਦੀਪ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਮੁਹੰਮਦ ਸਦੀਕ ਨੇ ਕਿਹਾ ਕਿ ਰਾਜ ਦੇ ਨੌਜਵਾਨਾਂ ਲਈ ਵੱਖ-ਵੱਖ ਕੰਪਨੀਆਂ ਵਿੱਚ ਨੌਕਰੀਆਂ ਤੋਂ ਇਲਾਵਾ ਸਵੈ-ਰੁਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਲਈ ਲਾਏ ਜਾ ਰਹੇ ਕੈਪਟਨ ਸਰਕਾਰ ਵੱਲੋਂ ਮੈਗਾ ਰੁਜ਼ਗਾਰ ਮੇਲੇ ਹੁਣ ਤੱਕ ਲੱਖਾਂ ਨੌਜਵਾਨਾਂ ਨੂੰ ਨੌਕਰੀਆਂ ਤੇ ਰੁਜ਼ਗਾਰ ਦੇਣ ਵਿੱਚ ਸਹਾਈ ਸਿੱਧ ਹੋ ਰਹੇ ਹਨ। ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਘਰ-ਘਰ ਰੁਜ਼ਗਾਰ ਤਹਿਤ ਨੌਜਵਾਨਾਂ ਨੂੰ ਵੱਧ ਤੋਂ ਵੱਧ ਕੰਪਨੀਆਂ ਵਿੱਚ ਨੌਕਰੀਆਂ ਦੇਣ ਅਤੇ ਉਨ੍ਹਾਂ ਲਈ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਵੱਡਾ ਤੇ ਸਲਾਹੁਣਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਰੁਜ਼ਗਾਰ ਮੇਲੇ ਦਾ ਨੌਜਵਾਨਾਂ ਨੂੰ ਭਰਪੂਰ ਲਾਹਾ ਮਿਲੇਗਾ।
ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਅਤੇ ਐਸਡੀਐਮ ਜੈਤੋ ਡਾ. ਮਨਦੀਪ ਕੌਰ ਨੇ ਦੱਸਿਆ ਕਿ ਇਸ ਮੇਲੇ ਵਿੱਚ ਸਰਕਾਰੀ ਭਰਤੀ ਪ੍ਰਕਿਰਿਆ ਲਈ ਮੁਫ਼ਤ ਆਨਲਾਈਨ ਕੋਚਿੰਗ ਅਤੇ ‘ਮੇਰਾ ਕੰਮ ਮੇਰਾ ਮਾਣ’ ਸਕੀਮ ਤਹਿਤ ਨੌਜਵਾਨਾਂ ਦੀ ਰਜਿਸਟਰੇਸ਼ਨ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ ਕੁੱਲ 17 ਕੰਪਨੀਆਂ ਦੇ ਨੁਮਾਇੰਦੇ ਹਾਜ਼ਰ ਹੋਏ ਅਤੇ ਜ਼ਿਲ੍ਹੇ ਦੇ ਵੱਡੀ ਗਿਣਤੀ ਵਿੱਚ 1115 ਤੋਂ ਵੱਧ ਪ੍ਰਾਰਥੀਆਂ ਵੱਲੋਂ ਨੌਕਰੀਆਂ ਤੇ ਸਵੈ-ਰੁਜ਼ਗਾਰ ਲਈ ਰਜਿਸਟਰੇਸ਼ਨ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 1241 ਪ੍ਰਾਰਥੀਆਂ ਨੂੰ ਕੰਪਨੀਆਂ ਵੱਲੋਂ ਨੌਕਰੀ ਦੇ ਸਹਿਮਤੀ ਪੱਤਰ ਜਾਰੀ ਕੀਤੇ ਗਏ ਜਿਨ੍ਹਾਂ ’ਚ ਕੰਪਨੀਆਂ ਵੱਲੋਂ ਵਰਚੁਅਲ ਤੌਰ ਤੇ ਲਈ ਗਈ ਇੰਟਰਵਿਊ ਸਮੇਤ ਕੁੱਲ 1241 ਸਹਿਮਤੀ ਪੱਤਰ ਜਾਰੀ ਕੀਤੇ ਗਏ। ਇਸੇ ਤਰ੍ਹਾਂ ਉਨ੍ਹਾਂ ਨੇ ਦੱਸਿਆ ਕਿ ਅੱਜ ਮੁਫ਼ਤ ਮੁਕਾਬਲੇ ਦੀ ਪ੍ਰਕਿਰਿਆ ਲਈ 37 ਤੋਂ ਵੱਧ ਨੌਜਵਾਨਾਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ ਹੈ।
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਮਿਸ਼ਨ ਦੇ ਤਹਿਤ ਜ਼ਿਲ੍ਹਾ ਮਾਨਸਾ ਵਿਖੇ 7ਵੇਂ ਮੈਗਾ ਰੁਜ਼ਗਾਰ ਮੇਲੇ ਲਗਾਉਣ ਦਾ ਸਿਲਸਿਲਾ ਜਾਰੀ ਹੈ, ਜਿਸ ਤਹਿਤ ਅੱਜ ਦੂਜਾ ਰੁਜ਼ਗਾਰ ਮੇਲਾ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਲਗਾਇਆ ਗਿਆ। ਇਸ ਮੇਲੇ ਦੌਰਾਨ 2500 ਦੇ ਕਰੀਬ ਬਿਨੈਕਾਰਾਂ ਨੇ ਹਿੱਸਾ ਲਿਆ ਅਤੇ ਵੱਖ ਵੱਖ ਕੰਪਨੀਆਂ ਵੱਲੋਂ ਆਪਣੀ ਲੋੜ ਮੁਤਾਬਕ 1820 ਯੋਗ ਪ੍ਰਾਰਥੀਆਂ ਦੀ ਚੋਣ ਕੀਤੀ ਗਈ। ਰੁਜ਼ਗਾਰ ਮੇਲੇ ਦੌਰਾਨ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਉਪਕਾਰ ਸਿੰਘ ਨੇ ਰੋਜ਼ਗਾਰ ਮੇਲੇ ਦਾ ਦੌਰਾ ਕੀਤਾ ਅਤੇ ਪ੍ਰਾਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ।
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਪੰਜਾਬ ਸਰਕਾਰ ਵੱਲੋਂ ਤਹਿਤ ਅੱਜ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਸੈਂਟਰ ਫਾਰ ਕੈਰੀਅਰ ਡਿਵੈਲਪਮੈਂਟ ਐਂਡ ਇੰਟਰਪੈਨਿਉਰਸ਼ਿਪ ਵਿਚ ਰੁਜ਼ਗਾਰ ਮੇਲਾ ਲਗਾਇਆ ਗਿਆੇ ਇਸ ਮੇਲੇ ਵਿੱਚ ਨਾਮਵਰ ਕੰਪਨੀਆਂ ਨੇ ਭਾਗ ਲਿਆ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਕੰਪਨੀਆਂ ਵਿੱਚ ਭਰਤੀ ਕੀਤੀ।
ਕੈਪਸ਼ਨ:
ਜੈਤੋ ’ਚ ਲੱਗੇ ਮੈਗਾ ਰੁਜ਼ਗਾਰ ਮੇਲੇ ਦਾ ਉਦਘਾਟਨ ਕਰਦੇ ਹੋਏ ਲੋਕ ਸਭਾ ਮੈਂਬਰ ਮੁਹੰਮਦ ਸਦੀਕ। -ਫੋਟੋ: ਕਟਾਰੀਆ
ਜੈਤੋ ਲੱਗੇ ਰੁਜ਼ਗਾਰ ਮੇਲੇ ’ਚ ਸੁਸ਼ੋਭਿਤ ਮੁਹੰਮਦ ਸਦੀਕ, ਪਵਨ ਗੋਇਲ ਤੇ ਹੋਰ। -ਫੋਟੋ: ਕਟਾਰੀਆ