ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 12 ਨਵੰਬਰ
ਬਠਿੰਡਾ-ਡੱਬਵਾਲੀ ਰੋਡ ਉੱਪਰ ਟਰੱਕ ਅਤੇ ਮੋਟਰਸਾਈਕਲ ਦਰਮਿਆਨ ਅੱਜ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇਅ ’ਤੇ ਪਿੰਡ ਮਛਾਣਾ ਦੇ ਬੱਸ ਅੱਡੇ ਉਪਰ ਇੱਕ ਮੋਟਰਸਾਈਕਲ ਨੰਬਰ ਪੀਬੀ 08 ਬੀਵਾਈ 5650 ਨੂੰ ਟਰਾਲੇ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੰਦਰ ਸਿੰਘ ਪੁੱਤਰ ਕਰਤਾਰ ਸਿੰਘ 61 ਸਾਲ ਵਾਸੀ ਪੱਕਾ ਕਲਾਂ ਵਜੋਂ ਹੋਈ ਹੈ। ਮੰਦਰ ਸਿੰਘ ਆਪਣੇ ਪਿੰਡ ਪੱਕਾ ਕਲਾਂ ਤੋਂ ਸੰਗਤ ਮੰਡੀ ਜਾ ਰਿਹਾ ਸੀ। ਜਿਉਂ ਹੀ ਉਹ ਸੜਕ ਪਾਰ ਕਰਨ ਲੱਗਿਆ ਤਾਂ ਟਰਾਲੇ ਨੇ ਟੱਕਰ ਮਾਰ ਦਿੱਤੀ। ਹਾਦਸਾ ਐਨਾ ਭਿਆਨਕ ਸੀ ਕਿ ਟਰਾਲੇ ਨੂੰ ਪਾਸੇ ਕਰਨ ਲਈ ਚਾਰ ਜੇਬੀਸੀ ਅਤੇ ਇੱਕ ਹੈਡਰ ਦੀ ਮਦਦ ਲਈ ਗਈ ਤਾਂ ਜਾ ਕੇ ਮੰਦਰ ਸਿੰਘ ਨੂੰ ਬਾਹਰ ਕੱਢਿਆ ਗਿਆ ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।