ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 12 ਨਵੰਬਰ
ਇੱਥੇ ਅੱਜ ਸਵੇਰੇ ਬਠਿੰਡਾ ਡੱਬਵਾਲੀ ਰੋਡ ’ਤੇ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇਅ ’ਤੇ ਪਿੰਡ ਮਛਾਣਾ ਦੇ ਬੱਸ ਅੱਡੇ ਕੋਲ ਮੋਟਰਸਾਈਕਲ ਨੰਬਰ ਪੀਬੀ 08 ਬੀਵਾਈ 5650 ਨੂੰ ਟਰਾਲਾ ਨੰਬਰ ਆਰਜੇ 07 ਜੀਸੀ 1715 ਦੀ ਟੱਕਰ ਮਾਰੀ। ਮ੍ਰਿਤਕ ਦੀ ਪਛਾਣ ਮੰਦਰ ਸਿੰਘ ਪੁੱਤਰ ਕਰਤਾਰ ਸਿੰਘ 61 ਸਾਲ ਵਾਸੀ ਪੱਕਾ ਕਲਾਂ ਵਜੋਂ ਹੋਈ ਹੈ। ਮੰਦਰ ਸਿੰਘ ਆਪਣੇ ਪਿੰਡ ਪੱਕਾ ਕਲਾਂ ਤੋਂ ਸੰਗਤ ਮੰਡੀ ਨੂੰ ਜਾ ਰਿਹਾ ਸੀ। ਜਿਉਂ ਹੀ ਉਹ ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇਅ ਸੜਕ ਪਾਰ ਕਰਨ ਲੱਗਿਆਂ ਤਾਂ ਇਹ ਹਾਦਸਾ ਵਾਪਰ ਗਿਆ। ਹਾਦਸਾ ਐਨਾ ਭਿਆਨਕ ਸੀ ਕਿ ਟਰਾਲੇ ਨੂੰ ਪਾਸੇ ਕਰਨ ਲਈ ਚਾਰ ਜੇਸੀਬੀ ਦੀ ਮਦਦ ਲੈਣੀ ਪਈ। ਫਿਰ ਲਾਸ਼ ਨੂੰ ਬਹਾਰ ਕੱਢਿਆ ਗਿਆ। ਟਰਾਲਾ ਮੋਮ ਦੇ ਡਰੱਮਾਂ ਦਾ ਭਰਿਆ ਹੋਇਆ ਸੀ ਜੋ ਰਾਜਸਥਾਨ ਤੋਂ ਲੁਧਿਆਣਾ ਜਾ ਰਿਹਾ ਸੀ। ਟਰਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਸੰਗਤ ਪੁਲੀਸ ਵੱਲੋਂ ਮੌਕੇ ’ਤੇ ਪਹੁੰਚ ਗਈ। ਲਾਸ਼ ਨੂੰ ਸੰਗਤ ਸਹਾਰਾ ਕਲੱਬ ਦੇ ਸੰਦੀਪ ਕੁਮਾਰ, ਮਨਪ੍ਰੀਤ ਸਿੰਘ ਅਤੇ ਪੱਪੂ ਨੇ ਐਂਬੂਲੈਂਸ ਰਾਹੀਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲੀਸ ਵੱਲੋਂ ਮ੍ਰਿਤਕ ਦੇ ਪੁੱਤਰ ਅਮਨਦੀਪ ਸਿੰਘ ਦੇ ਬਿਆਨ ਦੇ ਆਧਾਰ ’ਤੇ ਟਰਾਲੇ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਬੱਸ ਸਟੈਂਡ ਨੇੜੇ ਟਰੱਕ ਹੇਠ ਆਉਣ ਕਾਰਨ ਮੌਤ
ਕਾਲਾਂਵਾਲੀ (ਪੱਤਰ ਪ੍ਰੇਰਕ): ਇੱਥੋਂ ਦੇ ਬੱਸ ਸਟੈਂਡ ਦੇ ਕੋਲ ਟਰੱਕ ਹੇਠ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਿੰਦਰ ਸਿੰਘ ਵਾਸੀ ਸੁਖਚੈਨ ਦੇ ਰੂਪ ਵਿੱਚ ਹੋਈ ਹੈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਬਿੰਦਰ ਸਿੰਘ ਦੁਪਹਿਰ ਵੇਲੇ ਬੱਸ ਸਟੈਂਡ ਦੇ ਕੋਲ ਸੜਕ ਤੋਂ ਲੰਘ ਰਿਹਾ ਸੀ ਕਿ ਉੱਥੋਂ ਲੰਘ ਰਹੇ ਟਰੱਕ ਹੇਠ ਆ ਗਿਆ। ਜਿਸ ਨਾਲ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਕਾਲਾਂਵਾਲੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਰਸਾ ਭੇਜਿਆ। ਚੌਕੀ ਮੁਖੀ ਸੁਮਿਤ ਯਾਦਵ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੀ ਭੈਣ ਛਿੰਦਰ ਕੌਰ ਦੇ ਬਿਆਨ ਉੱਤੇ ਇਤਫਾਕੀਆ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰ ਵਾਲਿਆ ਨੂੰ ਸੌਂਪ ਦਿੱਤੀ ਹੈ।
ਸੜਕ ਹਾਦਸੇ ਦੇ ਜ਼ਖ਼ਮੀ ਦੀ ਇਲਾਜ ਦੌਰਾਨ ਮੌਤ
ਸਿਰਸਾ(ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਬੇਗੂ-ਬਾਜੇਕਾਂ ਰੋਡ ’ਤੇ ਵਾਪਰੇ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਦੇਹ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਤਿਹਾਬਾਦ ਦੀ ਸ਼ਕਤੀਨਗਰ ਵਾਸੀ ਰਾਂਝਾ ਸਿੰਘ ਟਰੈਕਟਰ ਟਰਾਲੀ ’ਚ ਤੂੜੀ ਭਰਨ ਦਾ ਕੰਮ ਕਰਦਾ ਸੀ। ਲੰਘੀ ਰਾਤ ਉਹ ਤੂੜੀ ਦੀ ਟਰਾਲੀ ਭਰ ਕੇ ਬੇਗੂ ਤੋਂ ਬਾਜੇਕਾਂ ਜਾਣ ਵਾਲੀ ਸੜਕ ’ਤੇ ਜਾ ਰਿਹਾ ਸੀ ਤਾਂ ਕਿਸੇ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ। ਇਸ ਕਾਰਨ ਉਹ ਜ਼ਖ਼ਮੀ ਹੋ ਗਿਆ। ਰਾਹਗੀਰਾਂ ਵੱਲੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਵਾਹਨ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।