ਪੱਤਰ ਪ੍ਰੇਰਕ
ਮਾਨਸਾ/ਬੁਢਲਾਡਾ, 20 ਮਾਰਚ
ਟਰਾਲੇ ਦੀ ਲਪੇਟ ਵਿੱਚ ਆਉਣ ਕਾਰਨ ਵਾਪਰੇ ਹਾਦਸੇ ਵਿੱਚ ਮਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦ ਕਿ ਪੁੱਤ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਮਾਨਸਾ ਨੇੜਲੇ ਪਿੰਡ ਖਾਰਾ-ਬਰਨਾਲਾ ਤੋਂ ਮਾਂ-ਪੁੱਤਰ ਇੱਕ ਮੋਟਰਸਾਈਕਲ ਰਾਹੀਂ ਪਿੰਡ ਕਾਸਮਪੁਰ ਛੀਨਾ ਭੋਗ ’ਤੇ ਜਾ ਰਹੇ ਸਨ ਕਿ ਪਿੰਡ ਬਰ੍ਹੇ ਵਿੱਚ ਖਾਰੇ ਵਾਲੇ ਮੌੜ ’ਤੇ ਇੱਕ ਭਰੇ ਟਰਾਲਾ ਦੀ ਲਪੇਟ ਵਿੱਚ ਆ ਗਏ, ਜਿਸ ਦੌਰਾਨ ਮਾਂ ਚਰਨਜੀਤ ਕੌਰ (50) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਮੋਟਰਸਾਈਕਲ ਚਾਲਕ ਪੁੱਤਰ ਗੁਰਵਿੰਦਰ ਸਿੰਘ (28) ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖ਼ਲ ਕਰਵਾਇਆ ਗਿਆ। ਪੁਲੀਸ ਨੇ ਚਰਨਜੀਤ ਕੌਰ ਦੇ ਪਤੀ ਜੱਗਰ ਸਿੰਘ ਦੇ ਬਿਆਨਾਂ ’ਤੇ ਟਰਾਲਾ ਚਾਲਕ ਗੁਰਵਿੰਦਰ ਸਿੰਘ ਵਾਸੀ ਦੌਦੜਾ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।