ਜਸਵੰਤ ਜੱਸ
ਫਰੀਦਕੋਟ, 9 ਸਤੰਬਰ
ਹਰ ਤਰ੍ਹਾਂ ਦੀ ਸਖ਼ਤੀ ਦੇ ਬਾਵਜੂਦ ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚੋਂ ਹਵਾਲਾਤੀਆਂ ਤੇ ਕੈਦੀਆਂ ਕੋਲੋਂ ਵੱਡੀ ਗਿਣਤੀ ’ਚ ਮੋਬਾਈਲ ਫ਼ੋਨ ਤੇ ਨਸ਼ੀਲੇ ਪਦਾਰਥ ਮਿਲਣੇ ਜਾਰੀ ਹਨ। ਕੁਝ ਦਿਨ ਪਹਿਲਾਂ ਜੇਲ੍ਹ ਅਧਿਕਾਰੀਆਂ ਨੇ ਆਪਣੇ ਸਹਾਇਕ ਸੁਪਰਡੈਂਟ ਨੂੰ ਜੇਲ੍ਹ ’ਚ ਨਸ਼ਾ ਸਪਲਾਈ ਕਰਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਸੀ। ਪਰ ਫਿਰ ਵੀ ਜੇਲ੍ਹ ਵਿੱਚ ਮੋਬਾਈਲ ਤੇ ਨਸ਼ੇ ਦੀ ਤਸਕਰੀ ਜਾਰੀ ਹੈ। ਦੇਰ ਰਾਤ ਜੇਲ੍ਹ ਅਧਿਕਾਰੀਆਂ ਨੇ ਵੱਖ ਵੱਖ ਬੈਰਕਾਂ ਵਿੱਚ ਛਾਪੇ ਮਾਰ ਕੇ 7 ਹਵਾਲਾਤੀਆਂ ਕੋਲੋਂ ਗੈਰ-ਕਾਨੂੰਨੀ ਤਰੀਕੇ ਨਾਲ ਰੱਖੇ ਮੋਬਾਈਲ ਫੋਨ ਬਰਾਮਦ ਕੀਤੇ ਹਨ ਜਦੋਂਕਿ ਇੱਕ ਕੈਦੀ ਕੋਲੋਂ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਹਨ।
ਤਲਾਸ਼ੀ ਦੌਰਾਨ ਰਾਜਵਿੰਦਰ ਸਿੰਘ, ਜਸਵੰਤ ਸਿੰਘ, ਅਰਸ਼ਦੀਪ ਸਿੰਘ, ਗੁਰਧਿਆਨ ਸਿੰਘ, ਮਨਪ੍ਰੀਤ ਸਿੰਘ, ਹੈਰੀ ਸਿੰਘ ਤੇ ਜਸਵਿੰਦਰ ਸਿੰਘ ਕੋਲੋਂ ਮੋਬਾਈਲ ਫ਼ੋਨ ਬਰਾਮਦ ਹੋਏ ਹਨ। ਦੋ ਦਿਨ ਪਹਿਲਾਂ ਜਿਲ੍ਹਾ ਤੇ ਸੈਸ਼ਨ ਜੱਜ ਨੇ ਵੀ ਫਰੀਦਕੋਟ ਜੇਲ੍ਹ ਦਾ ਮੁਆਇਨਾ ਕੀਤਾ ਸੀ ਤੇ ਇਸ ਤੋਂ ਪਹਿਲਾਂ ਫਰੀਦਕੋਟ ਦੇ ਆਈ.ਜੀ. ਵੀ ਜੇਲ੍ਹ ਦਾ ਮੁਆਇਨਾ ਕਰ ਚੁੱਕੇ ਹਨ। ਪਿਛਲੇ 25 ਦਿਨਾਂ ਦੌਰਾਨ ਜੇਲ੍ਹ ਵਿੱਚੋਂ 110 ਦੇ ਕਰੀਬ ਮੋਬਾਈਲ ਫੋਨ, ਨਸ਼ੀਲੇ ਪਦਾਰਥ ਤੇ ਹੋਰ ਇਤਰਾਜਯੋਗ ਸਮੱਗਰੀ ਬਰਾਮਦ ਹੋਈ ਹੈ। ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਸਿਟੀ ਪੁਲੀਸ ਫਰੀਦਕੋਟ ਨੇ ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਟੀ ਪੁਲੀਸ ਫਰੀਦਕੋਟ ਇਸ ਮਾਮਲੇ ਵਿੱਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਵਿਜੇ ਟਾਂਕ ਤੇ ਇੱਕ ਜੇਲ੍ਹ ਵਾਰਡਨ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਫਰੀਦਕੋਟ ਦੀ ਕੇਂਦਰੀ ਜੇਲ੍ਹ ਵਿੱਚ ਇਸ ਵੇਲੇ 2300 ਦੇ ਕਰੀਬ ਕੈਦੀ ਤੇ ਹਵਾਲਾਤੀ ਨਜ਼ਰਬੰਦ ਹਨ ਜਦੋਂਕਿ ਇਸ ਇਸ ਦੀ ਸਮਰੱਥਾ ਕੇਵਲ 2185 ਵਿਅਕਤੀਆਂ ਦੀ ਹੀ ਹੈ।
ਜੇਲ੍ਹ ਦੇ ਸਹਾਇਕ ਸੁਪਰਡੈਂਟ ਦਵਿੰਦਰ ਸਿੰਘ ਨੇ ਕਿਹਾ ਕਿ ਜੇਲ੍ਹ ’ਚੋਂ ਤਲਾਸ਼ੀ ਦੌਰਾਨ ਜਿਨ੍ਹਾਂ ਹਵਾਲਾਤੀਆਂ ਤੇ ਕੈਦੀਆਂ ਕੋਲੋਂ ਮੋਬਾਈਲ ਫੋਨ, ਨਸ਼ੇ ਤੇ ਹੋਰ ਇਤਰਾਜਯੋਗ ਸਮੱਗਰੀ ਮਿਲੀ ਹੈ, ਉਨ੍ਹਾਂ ਖ਼ਿਲਾਫ਼ ਸਿਟੀ ਥਾਣਾ ਫਰੀਦਕੋਟ ਨੇ ਜੇਲ੍ਹ ਐਕਟ ਤੇ ਐਨ.ਡੀ.ਪੀ.ਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।