ਪੱਤਰ ਪ੍ਰੇਰਕ
ਰੂੜੇਕੇ ਕਲਾਂ, 8 ਅਗਸਤ
ਇਲਾਕੇ ਵਿੱਚ ਪਿਛਲੇ ਦਿਨੀਂ ਪਏ ਮੀਂਹਾਂ ਕਾਰਨ ਨੇੜਲੇ ਪਿੰਡ ਧੌਲਾ ਦੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ 50 ਏਕੜ ਤੋਂ ਵੱਧ ਫ਼ਸਲ ਮੀਂਹ ਦੇ ਪਾਣੀ ਵਿੱਚ ਡੁੱਬ ਕੇ ਖ਼ਰਾਬ ਹੋ ਗਈ ਹੈ। ਪੀੜਤ ਕਿਸਾਨਾਂ ਹਾਕਮ ਸਿੰਘ, ਜੀਤ ਸਿੰਘ ਅਤੇ ਨਵਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਪਏ ਮੀਂਹਾਂ ਕਾਰਨ ਪਿੰਡ ਫਤਹਿਗੜ੍ਹ ਛੰਨਾਂ ਅਤੇ ਕਾਹਨੇ ਕੇ ਦੇ ਖੇਤਾਂ ਦਾ ਪਾਣੀ ਉਨ੍ਹਾਂ ਦੀਆਂ ਜ਼ਮੀਂਨਾਂ ਨੀਵੀਂਆਂ ਹੋਣ ਕਾਰਨ ਉਨ੍ਹਾਂ ਦੇ ਖੇਤਾਂ ਵਿੱਚ ਆ ਗਿਆ ਜਿਸ ਨਾਲ ਫ਼ਸਲਾਂ ਡੁੱਬ ਗਈਆਂ। ਕਿਸਾਨਾਂ ਨੇ ਕਿਹਾ ਕਿ ਭਾਵੇਂ ਕੁਝ ਕੁ ਕਿਸਾਨਾਂ ਨੇ ਤਾਂ ਝੋਨੇ ਦੀ ਪਨੀਰੀ ਮੁੱਲ ਲੈ ਕੇ ਦੁਬਾਰਾ ਬੀਜਾਂਦ ਕਰ ਦਿੱਤੀ ਹੈ ਪਰ ਅਜੇ ਤੱਕ ਕੁਝ ਕਿਸਾਨਾਂ ਦੀਆਂ ਜ਼ਮੀਨਾਂ ਵਿੱਚੋਂ ਪਾਣੀ ਨਹੀਂ ਘਟਿਆ ਜਿਸ ਕਰਕੇ ਉਹ ਕੋਈ ਹੋਰ ਫ਼ਸਲ ਵੀ ਨਹੀਂ ਬੀਜ ਪਾ ਰਹੇ। ਕਿਸਾਨਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਗਿਰਦਾਵਰੀ ਕਰਵਾ ਕੇ ਉਨ੍ਹਾਂ ਨੂੰ ਬਣਦਾ ਯੋਗ ਮੁਆਵਜ਼ਾ ਦੇਵੇ।