ਪੱਤਰ ਪ੍ਰੇਰਕ
ਸ਼ਹਿਣਾ, 7 ਜੂਨ
ਬਲਾਕ ਸ਼ਹਿਣਾ ਦੇ 20 ਪਿੰਡਾਂ ’ਚ 180 ਤੋਂ ਵੱਧ ਘਰੇਲੂ ਸੈਕਟਰ ਦੇ ਪੰਪ ਪਾਣੀ ਛੱਡ ਗਏ ਹਨ ਅਤੇ ਲੋਕਾਂ ਨੂੰ ਪਾਣੀ ਲੈਣ ਲਈ ਚਾਰਾਜੋਈ ਕਰਦੇ ਦੇਖਿਆ ਜਾ ਸਕਦਾ ਹੈ। ਦਿਨੋ ਦਿਨ ਡੂੰਘੇ ਹੋ ਰਹੇ ਪਾਣੀ ਕਾਰਨ ਇਹ ਸੰਕਟ ਖੜ੍ਹਾ ਹੋਇਆ ਹੈ। ਇਕੱਲੇ ਸ਼ਹਿਣਾ ’ਚ ਹੀ 20 ਤੋਂ ਵੱਧ ਸਬਮਰਸੀਬਲ ਪੰਪ ਪਾਣੀ ਛੱਡ ਗਏ ਹਨ। ਇਨ੍ਹਾਂ ਸਬਮਰਸੀਬਲ ਪੰਪਾਂ ਨੂੰ ਚਲਾਉਣ ਲਈ ਡੂੰਘੇ ਬੋਰ ਕਰਨੇ ਪੈ ਰਹੇ ਹਨ। ਮਿਸਤਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਹੁਣ 300 ਫੁੱਟ ਤੱਕ ਡੂੰਘਾ ਬੋਰ ਕੀਤਾ ਜਾ ਰਿਹਾ ਹੈ ਪਰ ਇਹ ਵੀ ਕੋਈ ਸਥਾਈ ਹੱਲ ਨਹੀਂ ਹੈ। ਹਰੇਕ ਸਾਲ 10 ਫੁੱਟ ਤੋਂ ਵੱਧ ਪਾਣੀ ਡੂੰਘਾ ਹੋ ਰਿਹਾ ਹੈ। ਬਲਾਕ ਸ਼ਹਿਣਾ ਦੇ ਪਿੰਡ ਗਿੱਲ ਕੋਠੇ, ਬੁਰਜ ਫਹਿਤਗੜ੍ਹ, ਦੀਪਗੜ੍ਹ, ਮੱਲੀਆ, ਜੋਧਪੁਰ, ਜਗਜੀਤਪੁਰਾ ’ਚ ਸਬਮਰਸੀਬਲ ਪੰਪਾਂ ਦੇ ਪਾਣੀ ਛੱਡਣ ਜਾਂ ਪਾਣੀ ਘੱਟ ਹੋਣ ਦੀ ਸਮੱਸਿਆ ਆਈ ਹੋਈ ਹੈ।
ਕੀ ਕਹਿੰਦੇ ਨੇ ਖੇਤੀ ਵਿਭਾਗ ਦੇ ਅਧਿਕਾਰੀ
ਖੇਤੀਬਾੜੀ ਵਿਭਾਗ ਸ਼ਹਿਣਾ ਦੇ ਅਸਿਸਟੈਂਟ ਟੈਕਨਾਲੋਜੀ ਮੈਨੇਜਰ ਸੁਖਪਾਲ ਸਿੰਘ ਨੇ ਦੱਸਿਆ ਕਿ ਪਾਣੀ ਡੂੰਘਾ ਹੋਣ ਸਬੰਧੀ ਬਲਾਕ ਸ਼ਹਿਣਾ ਦੇ 40 ਪਿੰਡਾਂ ਵਿੱਚ ਪਹਿਲੇ ਦੋਰ ਦੀਆਂ ਜਾਗ੍ਰਿਤੀ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਦੂਸਰੇ ਦੌਰ ਦੀਆਂ ਮੀਟਿੰਗਾਂ ਦਾ ਸਿਲਲਿਾ ਜਾਰੀ ਹੈ। ਕਿਸਾਨਾਂ ਨੂੰ ਲਗਾਤਾਰ ਘੱਟ ਪਾਣੀ ਦੀ ਖਪਤ ਵਾਲੀਆਂ ਫਸਲਾਂ ਬੀਜਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡੂੰਘਾ ਹੋ ਰਿਹਾ ਪਾਣੀ ਚਿੰਤਾ ਦਾ ਵਿਸ਼ਾ ਹੈ।