ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ/ਮੋਗਾ, 21 ਅਗਸਤ
ਮੋਗਾ ਦੇ ਗੋਧੇਵਾਲਾ ਦੇ ਸਟੇਡੀਅਮ ਦੀ ਛੱਤ ਤੋਂ ਲੜਕੀ ਨਾਲ ਕਥਿਤ ਤੌਰ ’ਤੇ ਜਬਰਦਸਤੀ ਕਰਨ ਤੇ ਉਸ ਨੂੰ ਛੱਤ ਤੋਂ ਸੁੱਟਣ ਦੇ ਮਾਮਲੇ ’ਚ ਪੁਲੀਸ ਨੇ ਅੱਠ ਦਿਨਾਂ ਬਾਅਦ ਦੋ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਇੱਕ ਨੇ ਕੱਲ੍ਹ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਡੀਐੱਸਪੀ ਦਮਨਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਦੀਆਂ ਟੀਮਾਂ ਨੇ ਲੜਕੀ ਦੇ ਪਿਤਾ ਸ਼ਿਵ ਨਾਥ ਦੇ ਬਿਆਨਾਂ ਅਨੁਸਾਰ ਕਾਰਵਾਈ ਕਰਦਿਆਂ ਜਤਿਨ ਕੰਡਾ ਅਤੇ ਰਮਨਦੀਪ ਸਿੰਘ ਨੂੰ ਚੜਿੱਕ ਰੋਡ ਤੋਂ ਗ੍ਰਿਫਤਾਰ ਕਰ ਲਿਆ ਹੈ। ਤੀਜੇ ਸਾਥੀ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਉਸ ਨੂੰ ਨਾਬਾਲਗ ਹੋਣ ਕਰਕੇ ਫ਼ਰੀਦਕੋਟ ਦੇ ਬਾਲ ਸੁਧਾਰ ਘਰ ਵਿੱਚ ਭੇਜਿਆ ਹੈ। ਜਤਿਨ ਅਤੇ ਰਮਨ ਦਾ ਪੁਲੀਸ ਨੇ ਤਿੰਨ ਦਿਨ ਦਾ ਰਿਮਾਂਡ ਲੈ ਲਿਆ ਹੈ। ਪੀੜਤ ਲੜਕੀ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਹੈ ਅਤੇ ਬਾਸਕਟਬਾਲ ਦੀ ਸੂਬਾ ਪੱਧਰੀ ਖਿਡਾਰਨ ਹੈ। ਉਸ ਦੀ ਦਰਖਾਸਤ ਅਨੁਸਾਰ 12 ਅਗਸਤ ਨੂੰ ਉਸ ਦੇ ਦੋਸਤ ਜਤਿਨ ਨੇ ਉਸ ਨੂੰ ਫੋਨ ਕਰਕੇ ਸਟੇਡੀਅਮ ਬੁਲਾਇਆ। ਫੇਰ ਜਤਿਨ ਤੇ ਉਸ ਦੇ ਦੋ ਦੋਸਤਾਂ ਨੇ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਤੇ ਕੁੱਟਮਾਰ ਕੀਤੀ ਜਬਰਦਸਤੀ ਦੀ ਕੋਸ਼ਿਸ਼ ਕੀਤੀ। ਸਟੇਡੀਅਮ ਦੀ ਛੱਤ ਤੋਂ ਹੇਠਾਂ ਧੱਕਾ ਦੇ ਦਿੱਤਾ। ਗੰਭੀਰ ਰੂਪ ਵਿਚ ਜ਼ਖਮੀ ਤੇ ਬੇਹੋਸ਼ ਲੜਕੀ ਨੂੰ ਉਥੇ ਮੌਜੂਦ ਨੋਜਵਾਨਾਂ ਨੇ ਹਸਪਤਾਲ ਭਰਤੀ ਕਰਵਾਇਆ ਸੀ। ਅਕਾਲੀ ਆਗੂ ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਭਰ ਵਿੱਚ ਅਮਨ ਕਾਨੂੰਨ ਬਰਕਰਾਰ ਰੱਖਣ ਵਿਚ ਅਸਫਲ ਸਾਬਤ ਹੋ ਰਹੀ ਹੈ।