ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਫ਼ਰਵਰੀ
ਇਥੇ ਨਗਰ ਨਿਗਮ ਚੋਣ ਲਈ ਵੋਟਾਂ ਪਾਉਣ ਦਾ ਰਫ਼ਤਾਰ ਦੁਪਹਿਰ ਤੱਕ ਮੱਠੀ ਰਹੀ। ਕੁਝ ਥਾਵਾਂ ’ਤੇ ਵੋਟਿੰਗ ਮਸ਼ੀਨਾਂ ’ਚ ਤਕਨੀਕੀ ਖਰਾਬੀ ਵੀ ਆਈ। ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਵੋਟਾਂ ਅਮਨ ਅਮਾਨ ਨਾਲ ਪੈਣ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ। ਮੋਗਾ ’ਚ 66.90 ਫੀਸਦੀ ਪੋਲਿੰਗ ਹੋਈ। ਸਮੁੱਚੇ ਲੋਕਾਂ ਦੀਆਂ ਨਜ਼ਰਾਂ ਵਾਰਡ ਨੰਬਰ 1 ’ਤੇ ਟਿਕੀਆਂ ਹਨ ਜਿਥੇ ਹਾਕਮ ਧਿਰ ਵਿਧਾਇਕ ਡਾ. ਹਰਜੋਤ ਕਮਲ ਦੀ ਪਤਨੀ ਡਾ.ਰਾਜਿੰਦਰ ਕੌਰ ਅਤੇ ਅਕਾਲੀ ਉਮੀਦਵਾਰ ਸਾਬਕਾ ਕੌਂਸਲਰ ਹਰਵਿੰਦਰ ਕੌਰ ਗਿੱਲ ਦਰਮਿਆਨ ਸਖ਼ਤ ਮੁਕਾਬਲਾ ਹੋਇਆ। ਅਕਾਲੀ ਉਮੀਦਵਾਰ ਸਾਬਕਾ ਸਰਪੰਚ ਤੇ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਅਮਰਜੀਤ ਸਿੰਘ ਗਿੱਲ ਲੰਢੇਕੇ ਦੀ ਪਤਨੀ ਹੈ। ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਮੀਡੀਆ ਅੱਗੇ ਸਬੂਤ ਪੇਸ਼ ਕਰਦੇ ਹਾਕਮ ਧਿਰ ਉੱਤੇ ਵੋਟਰ ਸ਼ਨਾਖ਼ਤੀ ਕਾਰਡ ਟੈਂਪਰ ਕਰਕੇ ਜਾਅਲੀ ਵੋਟਾਂ ਭੁਗਤਾਉਣ ਦਾ ਦੋਸ਼ ਲਾਇਆ।
ਮੋਗਾ ਨਗਰ ਨਿਗਮ ਤੇ ਜ਼ਿਲ੍ਹੇ ਦੀਆਂ ਤਿੰਨ ਨਗਰ ਪੰਚਾਇਤਾਂ ਲਈ 68 ਫੀਸਦੀ ਮਤਦਾਨ
ਜ਼ਿਲ੍ਹਾ ਮੋਗਾ ਵਿੱਚ ਨਗਰ ਨਿਗਮ ਮੋਗਾ ਅਤੇ ਨਗਰ ਪੰਚਾਇਤਾਂ ਬੱਧਨੀ ਕਲਾਂ, ਨਿਹਾਲ ਸਿੰਘ ਵਾਲਾ ਅਤੇ ਕੋਟ ਈਸੇ ਖਾਂ ਦੀਆਂ ਆਮ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਅੱਜ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ। ਜ਼ਿਲ੍ਹੇ ਵਿੱਚ ਕੁੱਲ 68.09 ਫੀਸਦੀ ਮਤਦਾਨ ਹੋਇਆ। ਡਿਪਟੀ ਕਮਿਸਨਰ ਕਮ ਜ਼ਿਲ੍ਹਾ ਚੋਣ ਅਫਸਰ ਸ੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪਈਆਂ ਵੋਟਾਂ ਵਿੱਚ ਮੋਗਾ ਵਿੱਚ 66.90 ਫੀਸਦੀ, ਨਗਰ ਪੰਚਾਇਤ ਬਧਨੀ ਕਲਾਂ ਲਈ 82.86 ਫੀਸਦੀ, ਕੋਟ ਇਸੇ ਖਾਂ ਲਈ 77.93 ਫੀਸਦੀ ਅਤੇ ਨਿਹਾਲ ਸਿੰਘ ਵਾਲਾ ਲਈ 84.35 ਫੀਸਦੀ ਮਤਦਾਨ ਹੋਇਆ। ਜ਼ਿਲ੍ਹਾ ਪੁਲੀਸ ਮੁਖੀ ਹਰਮਨ ਬੀਰ ਸਿੰਘ ਗਿੱਲ ਨੇ ਕਿਹਾ ਕਿ ਵੋਟਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਹੀਂ ਹੋਈ।
ਜਦੋਂ ਬੂਥ ਨੰਬਰ 42 ਕੋਈ ਵੀ ਵੋਟ ਪਾਉਣ ਨਾ ਆਇਆ
ਇਥੇ ਨਗਰ ਨਿਗਮ ਵਾਰਡ ਨੰਬਰ 16 ਦੇ ਬੂਥ ਨੰਬਰ 42 ਉੱਤੇ ਕੋਈ ਵੀ ਵੋਟਰ ਵੋਟ ਪਾਉਣ ਲਈ ਨਾ ਪੁੱਜਾ ਤਾਂ ਚੋਣ ਅਮਲੇ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੁਸ਼ਕਲ ’ਚ ਫ਼ਸੇ ਚੋਣ ਅਮਲੇ ਨੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਤਾਂ ਗਲਤੀ ਦਾ ਅਹਿਸਾਸ ਹੋਇਆ ਤੇ ਚੋਣ ਅਮਲਾ ਵਾਪਸ ਬੁਲਾ ਲਿਆ ਗਿਆ। ਰਿਟਰਨਿੰਗ ਅਧਕਾਰੀ ਕਮ ਐਕਸੀਅਨ ਪੀਬੀਡਬਲਯੂਡੀ ਬੀਐਂਡ ਆਰ ਹਰਿੰਦਰ ਸਿੰਘ ਢਿੱਲੋਂ ਨੇ ਗਲਤੀ ਦੀ ਪੁਸ਼ਟੀ ਕਰਦੇ ਦੱਸਿਆ ਕਿ ਚੋਣ ਅਮਲਾ ਵਾਪਸ ਬੁਲਾ ਕੇ ਉਸ ਨੂੰ ਰਿਜ਼ਰਵ ਅਮਲੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ।