ਨਿੱਜੀ ਪੱਤਰ ਪ੍ਰੇਰਕ
ਮੋਗਾ,1 ਫਰਵਰੀ
ਇੱਥੇ ਮੋਗਾ ਪੁਲੀਸ ਨੇ ਕੁਰਾਲੀ ਵਿੱਚ ਛਾਪਾ ਮਾਰ ਕੇ50 ਬੋਰੀ ਭੁੱਕੀ ਬਰਾਮਦ ਕੀਤੀ ਹੈ। ਇਸ ਦੌਰਾਨ ਪੁਲੀਸ ਨੇ ਨਾਕਾਬੰਦੀ ਦੌਰਾਨ ਗੱਡੀ ਵਿੱਚੋਂ ਕਰੀਬ ਪੰਜ ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਐੱਸਪੀ ਡੀ ਰੂਪਿੰਦਰ ਕੋਰ ਭੱਟੀ ਅਤੇ ਡੀਐੱਸਪੀ ਸਿਟੀ ਜਸਨਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਥਾਣਾ ਸਦਰ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਬਰਾੜ ਨੇ ਨਸ਼ਾ ਤਸਕਰਾਂ ਖ਼ਿਲਾਫ਼ ਖਿਲਾਫ ਵਿੱਡੀ ਮੁਹਿੰਮ ਦੇ ਤਹਿਤ ਇੱਕ ਮੁਲਜਮ ਨੂੰ ਕਾਬੂ ਕਰਕੇ ਨਸ਼ੇ ਦੀ ਖੇਪ ਬਰਾਮਦ ਕੀਤੀ। ੳਨ੍ਹਾਂ ਦੱਸਿਆ ਕਿ ਮੋਗਾ ਪੁਲੀਸ ਨੂੰ ਸੂਚਨਾ ਮਿਲੀ ਕਿ ਗੁਰਮੀਤ ਸਿੰਘ ਉਰਫ ਧੱਕੂ ਪਿੰਡ ਰਾਏਪੁਰ ਥਾਣਾ ਮਹਿਤਪੁਰ ਜਿਲਾ ਜਲੰਧਰ ਅਤੇ ਸਰਬਜੀਤ ਸਿੰਘ ਪਿੰਡ ਨਰਸ ਵਾਲੀ ਗਲੀ, ਕੁਰਾਲੀ ਜ਼ਿਲ੍ਹਾ ਮੁਹਾਲੀ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ। ਸਰਬਜੀਤ ਸਿੰਘ ਨੇ ਖਰੀਦ ਕੀਤੇ ਟਰੱਕ ਵਿੱਚ ਰਾਜਸਥਾਨ ਤੋਂ 50 ਬੋਰੀਆਂ ਭੁੱਕੀ ਜਿਸਦਾ ਵਜ਼ਨ ਕਰੀਬ 10 ਕੁਇੰਟਲ ਹੈ ਅਤੇ ਇਹ ਭੁੱਕੀ ਮੋਗਾ ਖੇਤਰ ਵਿੱਚ ਵੇਚਣ ਦੀ ਤਾਕ ਵਿੱਚ ਘੁੰਮ ਰਹੇ ਹਨ । ਸੂਚਨਾ ਮਿਲਣ ਉੱਤੇ ਮੁਲਜ਼ਮ ਗੁਰਮੀਤ ਸਿੰਘ ਉਰਫ ਧੱਕੂ ਨੂੰ ਬੱਸ ਅੱਡਾ ਜੋਗੇਵਾਲਾ ਤੋਂ ਕਾਬੂ ਕੀਤਾ ਗਿਆ। ਪੁਲੀਸ ਮੁਤਾਬਕ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਦੂਜੇ ਮੁਲਜਮ ਵਾਸੀ ਕੁਰਾਲੀ ਦੇ ਟਰੱਕ ਉੱਤੇ ਲਿਆਦੀ ਗਈ ਭੁੱਕੀ ਮੁਲਜ਼ਮ ਸਰਬਜੀਤ ਸਿੰਘ ਦੇ ਸਹੁਰਾ ਘਰ ਪਿੰਡ ਬਜੀਦਪੁਰ ਵਿੱਚ ਲੁਕਾ ਕੇ ਰੱਖੀ ਹੈ। ਉਨ੍ਹਾਂ ਦੱਸਿਆ ਕਿ ਬਜੀਦਪੁਰ ਜ਼ਿਲ੍ਹਾ ਮੁਹਾਲੀ ਵਿਖੇ ਛਾਪੇ ਮਾਰ ਕੇ 50 ਬੋਰੀਆਂ ਭੁੱਕੀ ਬਰਾਮਦ ਕੀਤੀ ਗਈ ਹੈ।