ਐੱਨਪੀ ਸਿੰਘ
ਬੁਢਲਾਡਾ, 5 ਨਵੰਬਰ
ਇੱਥੇ ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਦੇਸ਼ ਵਿਆਪੀ ਸੱਦੇ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਆਈ.ਟੀ.ਆਈ ਚੌਕ ’ਚ ਹਜ਼ਾਰਾਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ 4 ਘੰਟੇ ਚੱਕਾ ਜਾਮ ਰੱਖਿਆ। 30 ਕਿਸਾਨ ਜਥੇਬੰਦੀਆਂ ਦੇ ਚੱਕਾ ਜਾਮ ਧਰਨੇ ’ਚ ਹਲਕੇ ਦੇ ਲੋਕ ਗਾਇਕਾਂ, ਕਲਾਕਾਰਾਂ, ਕਾਲਜਾਂ ਅਤੇ ਸਕੂਲ ਦੇ ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ਦੇਖੀ ਗਈ। ਜਾਮ ਵਿੱਚ ਮੁੱਖ ਬੁਲਾਰਿਆਂ ਦੇ ਤੌਰ ’ਤੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਹਰਦੇਵ ਅਰਸ਼ੀ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਦਿਆਲਪੁਰਾ, ਬਲਾਕ ਪ੍ਰਧਾਨ ਸਤਪਾਲ ਬਰ੍ਹੇ, ਲੱਖੋਵਾਲ ਦੇ ਜਸਕਰਨ ਸਿੰਘ, ਆਲ ਇੰਡੀਆ ਕਿਸਾਨ ਸਭਾ ਦੇ ਸਵਰਨਜੀਤ ਦਲਿਓ, ਆਦਿ ਸ਼ਾਮਲ ਸਨ। ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਹਰਦੇਵ ਅਰਸ਼ੀ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ ਤੁਗਲਕੀ ਫ਼ੈਸਲੇ ਦੇਸ਼ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਬਰਬਾਦ ਕਰ ਦੇਣਗੇ।
ਲੰਬੀ (ਇਕਬਾਲ ਸਿੰਘ ਸ਼ਾਂਤ): ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ 2020 ਖ਼ਿਲਾਫ਼ ਦੇਸ਼ ਪੱਧਰੀ ਚੱਕਾ ਜਾਮ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬੈਨਰ ਹੇਠ ਲੰਬੀ ਵਿੱਚ ਡੱਬਵਾਲੀ-ਮਲੋਟ ਨੈਸ਼ਨਲ ਹਾਈਵੇਅ ’ਤੇ ਚਾਰ ਘੰਟੇ ਆਵਾਜਾਈ ਬੰਦ ਰੱਖੀ ਗਈ। ਇਕੱਠ ਨੂੰ ਕਿਸਾਨ ਆਗੂ ਗੁਰਪਾਸ਼ ਸਿੰਘੇਵਾਲਾ, ਮਲਕੀਤ ਸਿੰਘ ਗੱਗੜ, ਭੁਪਿੰਦਰ ਸਿੰਘ ਚੰਨੂ, ਮਨੋਹਰ ਸਿੰਘ ਸਿੱਖਵਾਲਾ, ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦੇ ਆਗੂ ਡਾ. ਮਨਜਿੰਦਰ ਸਿੰਘ ਸਰਾਂ, ਬਿਜਲੀ ਮੁਲਾਜਮਾਂ ਦੇ ਆਗੂ ਸਤਪਾਲ ਬਾਦਲ ਅਤੇ ਸੁਖਦਰਸ਼ਨ ਸਿੰਘ, ਅਧਿਆਪਕ ਆਗੂ ਕੁਲਦੀਪ ਸ਼ਰਮਾ, ਨੌਜਵਾਨ ਕਿਸਾਨ ਆਗੂ ਨਿਸ਼ਾਨ ਸਿੰਘ ਅਤੇ ਸੁਖਬੀਰ ਸਿੰਘ ਆਗੂਆਂ ਨੇ ਸੰਬੋਧਨ ਕੀਤਾ।
ਜੈਤੋ (ਸ਼ਗਨ ਕਟਾਰੀਆ): ‘ਚੱਕਾ ਜਾਮ’ ਤਹਿਤ ਅੱਜ ਛੇ ਕਿਸਾਨ ਸੰਗਠਨਾਂ ਵੱਲੋਂ ਇੱਥੋਂ ਦੇ ਬੱਸ ਅੱਡਾ ਚੌਕ ਵਿੱਚ ਚਾਰ ਘੰਟੇ ਲਈ ਜਾਮ ਲਾਇਆ ਗਿਆ। ਇਸੇ ਤਰ੍ਹਾਂ ਬੀਕੇਯੂ (ਡਕੌਂਦਾ) ਵੱਲੋਂ ਰੋਮਾਣਾ ਅਲਬੇਲ ਸਿੰਘ ਪਿੰਡ ਨੇੜੇ ਜੈਤੋ-ਕੋਟਕਪੂਰਾ ਸੜਕ ’ਤੇ ਆਵਾਜਾਈ ਰੋਕੀ ਗਈ।
ਝੁਨੀਰ (ਜੀਵਨ ਸਿੰਘ ਕ੍ਰਾਂਤੀ): ਕਸਬਾ ਝੁਨੀਰ ਦੇ ਮਾਨਸਾ ਸਿਰਸਾ ਰੋਡ ’ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਬੰਦ ਦੌਰਾਨ ਸੜਕ ਨੂੰ ਜਾਮ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਆਗੂ ਬਲਬੀਰ ਕੌਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖੇਤੀ ਵਿਰੋਧੀ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ।
ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਤੇ ਭਾਰਤੀ ਕਿਸਾਨ ਉਗਰਾਹਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸੜਕਾਂ ਜਾਮ ਕਰ ਕੇ ਆਵਾਜਾਈ ਠੱਪ ਰੱਖੀ ਗਈ।
ਵੱਖ ਵੱਖ ਵਰਗਾਂ ਨੇ ਦਿੱਤਾ ਕਿਸਾਨਾਂ ਦਾ ਸਾਥ
ਸਰਦੂਲਗੜ੍ਹ (ਬਲਜੀਤ ਸਿੰਘ): ਭਾਰਤ ਬੰਦ ਦੇ ਸੱਦੇ ’ਤੇ ਸਰਦੂਲਗੜ੍ਹ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਪੂਰੇ ਇਲਾਕੇ ਦੇ ਕਿਸਾਨਾਂ ਅਤੇ ਵੱਖ ਵੱਖ ਤਬਕਿਆਂ ਨਾਲ ਸਬੰਧਤ ਆਮ ਲੋਕਾਂ ਨੇ ਬੰਦ ਦੇ ਦੌਰਾਨ ਵੱਡੇ ਪੱਧਰ ’ਤੇ ਧਰਨੇ ਵਿਚ ਸ਼ਿਰਕਤ ਕੀਤੀ। ਮਾਨਸਾ-ਸਿਰਸਾ ਕੌਮੀ ਮਾਰਗ ’ਤੇ ਸਰਦੂਲਗੜ੍ਹ ਵਿੱਚ ਘੱਗਰ ਦੇ ਪੁਲ ’ਤੇ ਧਰਨਾ ਲਗਾਕੇ ਚੱਕਾ ਜਾਮ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਮਲੂਕ ਸਿੰਘ ਹੀਰਕੇ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਚਾਨਣ ਸਿੰਘ ਜਟਾਣਾ ਆਦਿ ਆਗੂਆਂ ਨੇ ਕਿਹਾ ਕਿ ਜਿੰਨਾ ਸਮਾਂ ਕੇਂਦਰ ਸਰਕਾਰ ਖੇਤੀ ਬਿੱਲਾਂ ਨੂੰ ਵਾਪਸ ਨਹੀਂ ਲੈਂਦੀ ਉਨਾਂ ਚਿਰ ਸੰਘਰਸ਼ ਨੂੰ ਜਾਰੀ ਰੱਖਣਗੇ।