ਜੋਗਿੰਦਰ ਸਿੰਘ ਮਾਨ
ਮਾਨਸਾ, 13 ਦਸੰਬਰ
ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਕਿਸਾਨ ਅੰਦੋਲਨ ਇਸ ਸਮੇਂ ਸਿੱਖਰਾਂ ਨੂੰ ਛੋਹ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਲਗਾਤਰ ਚੜ੍ਹਤ ਤੋਂ ਬੁਖਲਾਈ ਆਰਐੱਸਐੱਸ ਦੇ ਕਬਜ਼ੇ ਵਾਲੀ ਨਰਿੰਦਰ ਮੋਦੀ ਦੀ ਸਰਕਾਰ ਕਿਸਾਨ ਅੰਦੋਲਨ ਦੀ ਦਿਸ਼ਾ ਭਟਕਾਉਣ ਲਈ ਹਥਕੰਡੇ ਵਰਤਣ ਤੋਂ ਬਾਜ਼ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਮੋਦੀ ਮੀਡੀਆ ਅੰਦੋਲਨ ਨੂੰ ਬਦਨਾਮ ਕਰਨ ਲਈ ਲਗਾਤਰ ਕੂੜ ਪ੍ਰਚਾਰ ਕਰ ਰਿਹਾ ਹੈ। ਉਨ੍ਹਾਂ ਦਿੱਲੀ ਤੋ ਈਮੇਲ ਰਾਹੀ ਭੇਜੇ ਗਏ ਪ੍ਰੈੱਸ ਨੋਟ ਵਿੱਚ ਇਹ ਪ੍ਰਗਟਾਵਾ ਕੀਤਾ। ਕਿਸਾਨ ਆਗੂ ਨੇ ਹੈਰਾਨੀ ਪਰਗਟ ਕਰਦੇ ਹੋਏ ਕਿਹਾ ਕਿ ਸਰਕਾਰ ਕਿਸਾਨ ਆਗੂਆਂ ਨਾਲ ਗੱਲਬਾਤ ਜਾਰੀ ਰੱਖਣ ਦਾ ਢਿੰਡੋਰਾ ਤਾ ਪਿੱਟ ਰਹੀ ਹੈ, ਪਰ ਰਸਮੀ ਸੱਦਾ ਨਹੀਂ ਦੇ ਰਹੀ। ਇਸ ਮੌਕੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੀਨੀਅਰ ਆਗੂਆਂ ਤੋ ਇਲਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਪੰਜਾਬ ਪ੍ਰਧਾਨ ਬਲਕਰਨ ਸਿੰਘ ਬਰਾੜ, ਸਾਥੀ ਜੁਗਰਾਜ ਸਿੰਘ ਹੀਰਕੇ, ਕੁਲਵੰਤ ਸਿੰਘ ਮੌਲਵੀ ਵਾਲ਼ਾ ਆਦਿ ਆਗੂ ਹਾਜ਼ਰ ਸਨ।