ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਪੰਜਾਬ ਕੇਸਰੀ’ ਲਾਲਾ ਲਾਜਪਤ ਰਾਏ ਨੂੰ ਉਨ੍ਹਾਂ ਦੀ ਜੈਅੰਤੀ ਮੌਕੇ ਟਵੀਟ ਕਰ ਦਿੱਤੀ ਸ਼ਰਧਾਂਜਲੀ ਭੇਟ ਕੀਤੀ। ਦੂਜੇ ਪਾਸੇ ਰਾਜ ਸਰਕਾਰ ਨੇ ਉਨ੍ਹਾਂ ਦੀ ਜਯੰਤੀ ਨੂੰ ਪੂਰੀ ਤਰ੍ਹਾਂ ਵਿਸਾਰ ਦੇਣ ਨਾਲ ਯਾਦਗਰ ਕਮੇਟੀ ਵਿੱਚ ਭਾਰੀ ਰੋਸ ਤੇ ਨਿਰਾਸ਼ਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ’ਚ ਲਿਖਿਆ,‘ਮਹਾਨ ਸੁਤੰਤਰਤਾ ਸੈਨਾਨੀ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਨੂੰ ਉਨ੍ਹਾਂ ਦੀ ਜਨਮ-ਜਯੰਤੀ ’ਤੇ ਕੋਟਿ-ਕੋਟਿ ਨਮਨ। ਪੰਜਾਬ ’ਚ ਕਾਲੇ ਦੌਰ ਦੌਰਾਨ 1991 ਵਿੱਚ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੇ ਉਨ੍ਹਾਂ ਦੀ ਜਯੰਤੀ ਮੌਕੇ ਇਥੇ ਸਰਬਦਲੀ ਬੈਠਕ ਕਰਕੇ ਸਾਂਤੀ ਦਾ ਸੰਦੇਸ਼ ਦਿੱਤਾ ਸੀ। ਲਾਲਾ ਲਾਜਪਤ ਰਾਏ ਯਾਦਗਰ ਕਮੇਟੀ ਆਗੂ ਰਣਜੀਤ ਸਿੰਘ ਧੰਨਾ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਹਕੂਮਤ ਦੌਰਾਨ ਰਾਜ ਪੱਧਰੀ ਸਮਾਗਮ ਹੋਏ ਤੇ ਕਰੋੜਾਂ ਰੁਪਏ ਦੀਆਂ ਗਰਾਂਟ ਮਿਲੀ। ਸੂਬੇ ’ਚ ਕਾਂਗਰਸ ਦੇ 4 ਸਾਲ ਰਾਜ ਦੌਰਾਨ ਗਰਾਂਟ ਤਾਂ ਕੀ ਮਿਲਣੀ ਸੀ ਸਗੋਂ ਹਰ ਵਾਰ ਸਮਾਗਮ ਵੀ ਵਿਸਾਰ ਦਿੱਤੇ ਗਏ।
ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ਪਿੰਡ ਢੁੱਡੀਕੇ ’ਚ ਮੁੱਖ ਮਹਿਮਾਨ ਏਡੀਸੀ (ਵਿਕਾਸ) ਸੁਭਾਸ਼ ਚੰਦਰ ਨੇ ਸ਼ਿਰਕਤ ਕੀਤੀ ਤੇ ਸਾਬਕਾ ਮੰਤਰੀ ਡਾ. ਮਾਲਤੀ ਥਾਪਰ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।
ਇਸ ਮੌਕੇ ਯਾਦਗਰ ਕਮੇਟੀ ਜਨਰਲ ਸਕੱਤਰ ਰਣਜੀਤ ਸਿੰਘ ਧੰਨਾ, ਡਾ. ਪਵਨ ਥਾਪਰ, ਸਰਪੰਚ ਜਸਵੀਰ ਸਿੰਘ ਢਿੱਲੋਂ, ਰਾਜ ਜੰਗ ਸਿੰਘ, ਕੇਵਲ ਸਿੰਘ, ਬਲਵਿੰਦਰ ਸਿੰਘ ਆਦਿ ਨੇ ਲਾਲਾ ਜੀ ਦੇ ਬੁੱਤ ਉੱਤੇ ਪਹੁੰਚ ਕੇ ਉਨ੍ਹਾਂ ਨੂੰ ਫੁੱਲ ਮਾਲਾਵਾਂ ਭੇਟ ਕੀਤੀਆਂ ਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਇਸ ਮੌਕੇ ਉਨ੍ਹਾਂ ਲਾਇਬਰੇਰੀ ਤੇ ਹੋਰ ਇਤਿਹਾਸਕ ਸਥਾਨਾਂ ਨੂੰ ਵੀ ਦੇਖਿਆ। ਉਨਾਂ ਨੇ ਪਿੰਡ ਦੇ ਹੀ ਬਾਕੀ ਸ਼ਹੀਦਾਂ ਦੀ ਯਾਦ ਵਿੱਚ ਬਣੇ ਸਮਾਰਕ ’ਤੇ ਵੀ ਫੁੱਲ ਮਾਲਾਵਾਂ ਭੇਟ ਕੀਤੀਆਂ। ਉਨ੍ਹਾਂ ਕਿਹਾ ਕਿ ਲਾਲਾ ਲਾਜਪਤ ਰਾਏ ਜੀ ਜਿੱਥੇ ਮਹਾਨ ਆਜ਼ਾਦੀ ਘੁਲਾਟੀਏ ਸਨ, ਉਥੇ ਉਨਾਂ ਨੂੰ ਸਵਦੇਸ਼ੀ ਲਹਿਰ ਦੇ ਰਹਿਨੁਮਾ ਵਜੋਂ ਵੀ ਜਾਣਿਆ ਜਾਂਦਾ ਹੈ।