ਪੱਤਰ ਪ੍ਰੇਰਕ
ਬੁਢਲਾਡਾ, 7 ਜਨਵਰੀ
ਇੱਥੇ ਰਿਲਾਇੰਸ ਪੈਟਰੋਲ ਪੰਪ ਤੇ ਲੱਗਿਆ 30 ਕਿਸਾਨ ਜੱਥੇਬੰਦੀਆਂ ਦਾ ਕਿਸਾਨੀ ਮੋਰਚਾ ਅੱਜ 98ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ। ਬੀ.ਕੇ.ਯੂ ਡਕੌਂਦਾ ਦੇ ਆਗੂ ਸਤਪਾਲ ਬਰ੍ਹੇ, ਕੁੱਲ ਹਿੰਦ ਕਿਸਾਨ ਸਭਾ ਦੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਪੰਜਾਬ ਕਿਸਾਨ ਯੂਨੀਅਨ ਦੇ ਸਵਰਨ ਸਿੰਘ ਬੋੜਾਵਾਲ, ਜੁਗਰਾਜ ਸਿੰਘ ਤਾਲਬਵਾਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਿਸਾਨ ਮੋਰਚੇ ਵੱਲੋਂ ਕਾਲੇ ਕਾਨੂੰਨਾਂ ਖ਼ਿਲਾਫ਼ ਵਿੱਢਿਆ ਦੇਸ਼ ਵਿਆਪੀ ਸੰਘਰਸ਼ ਖੇਤੀ ਬਿਲ ਵਾਪਸ ਕਰਾਉਣ ਲਈ ਆਖਿਰ ਇੱਕ ਦਿਨ ਮਜਬੂਰ ਕਰ ਹੀ ਦੇਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਨੂੰ ਆਰਥਿਕ ਪੱਖੋਂ ਤਬਾਹ ਕਰਕੇ ਰੱਖ ਦਿੱਤਾ ਹੈ। ਜੀ.ਐਸ.ਟੀ, ਨੋਟਬੰਦੀ ਜਿਹੇ ਮਾੜੇ ਫ਼ੈਸਲਿਆਂ ਨੇ ਦਰਮਿਆਨੇ ਵਪਾਰ ਸਮੇਤ ਛੋਟੇ ਕਾਰੋਬਾਰਾਂ ਨੂੰ ਵੀ ਬਰਬਾਦੀ ਦੇ ਕਿਨਾਰੇ ਲਿਆ ਖੜ੍ਹਾ ਕੀਤਾ ਹੈ। ਦੇਸ਼ ਦੀ ਜਨਤਾ ਦਿਨ-ਬ-ਦਿਨ ਟੈਕਸਾਂ ਦੇ ਬੋਜ ਥੱਲੇ ਦਬਦੀ ਜਾ ਰਹੀ ਹੈ। ਮਹਿੰਗਾਈ ਤੇ ਭ੍ਰਿਸ਼ਟਾਚਾਰ ਵਧ ਫੁੱਲ ਰਿਹਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਵੱਡੇ ਸਰਮਾਏਦਾਰਾਂ ਨੂੰ ਕਰੋੜਾਂ ਅਰਬਾਂ ਰੁਪਏ ਦੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਜਦੋਂਕਿ ਕਿਸਾਨ, ਮਜ਼ਦੂਰਾਂ ਦੀ ਹਾਲਤ ਨਿੱਘਰਦੀ ਜਾ ਰਹੀ ਹੈ।ਉਨ੍ਹਾਂ ਕਿਹਾ ਸਿੱਖਿਆ, ਸਿਹਤ ਸਹੂਲਤਾਂ ਅੱਜ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਗਈਆਂ ਹਨ।