ਜੋਗਿੰਦਰ ਸਿੰਘ ਮਾਨ
ਮਾਨਸਾ, 2 ਮਾਰਚ
ਖੇਤੀ ਵਿਰੋਧੀ ਕਾਲੇ ਕਾਨੂੰਨ ਖ਼ਿਲਾਫ਼ ਰੇਲਵੇ ਸਟੇਸ਼ਨ ’ਤੇ ਲੱਗਾ ਮੋਰਚਾ ਅੱਜ 153ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ-ਮਜਦੂਰਾਂ ਨੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕੀਤੇ ਜਾਣ, ਘੱਟੋ-ਘੱਟ ਕੀਮਤ ’ਤੇ ਜਿਣਸ ਖਰੀਦ ਗਰੰਟੀ ਕਾਨੂੰਨ ਬਣਾਇਆ ਜਾਵੇ, ਜੇਲ੍ਹਾਂ ਵਿੱਚ ਬੰਦ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਤੇ ਝੂਠੇ ਕੇਸ ਰੱਦ ਕੀਤੇ ਜਾਣ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਕੁਲਵਿੰਦਰ ਉਡੱਤ ਨੇ ਕਿਹਾ ਕਿ ਕੇਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਤੇ ਰਾਸ਼ਟਰੀ ਸੰਪਤੀ ਨੂੰ ਇਨ੍ਹਾਂ ਅਜ਼ਾਰੇਦਾਰਾਂ ਨੂੰ ਕੋਡੀਆਂ ਦੇ ਭਾਅ ਵੇਚਕੇ ਦੇਸ਼ ਨੂੰ ਬਰਬਾਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ-ਮਜਦੂਰਾਂ ਤੇ ਹੋਰ ਤਬਕਿਆਂ ਬਰਬਾਦ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਮਾਲੋਮਾਲ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਰਤੀ ਲੋਕ ਸਰਕਾਰ ਦੀ ਚਾਲ ਨੂੰ ਸਮਝ ਚੁੱਕੀ ਹੈ ਤੇ ਹੁਣ ਮੋਦੀ ਸਰਕਾਰ ਨੂੰ ਕਿਰਤੀ ਲੋਕ ਚੱਲਦਾ ਕਰਕੇ ਹੀ ਦਮ ਲੈਣਗੇ।
ਬੁਢਲਾਡਾ (ਪੱਤਰ ਪ੍ਰੇਰਕ) ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿੱਢੀ ਗਈ ਖੇਤੀ ਕਾਨੂੰਨਾਂ ਖ਼ਿਲਾਫ਼ ਲੜਾਈ ਦੇਸ਼ ਵਿੱਚ ਨਵੀਂ ਸਵੇਰ ਲਿਆਵੇਗੀ। ਜਿਸ ਦੇ ਆਉਣ ਨਾਲ ਇੱਕ ਨਵੇਂ ਦੌਰ ਦਾ ਅਰੰਭ ਹੋਵੇਗਾ, ਜਿਹੜਾ ਦੇਸ਼ ਦੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਵਾਲੇ ਸੁਪਨਿਆਂ ਵਾਲਾ ਭਾਰਤ ਸਿਰਜੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ਉੱਤੇ ਜਾਰੀ 32 ਕਿਸਾਨ ਜੱਥੇਬੰਦੀਆਂ ਦੇ ਸਾਂਝੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਕਾਮਰੇਡ ਹਰਦਿਆਲ ਸਿੰਘ ਦਾਤੇਵਾਸ, ਦਰਸ਼ਨ ਸਿੰਘ ਗੁਰਨੇਕਲਾਂ, ਹਰਿੰਦਰ ਸਿੰਘ ਸੋਢੀ ਨੇ ਇੱਕੋ ਹੀ ਸੁਰ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ, ਯੂਪੀ ਸਮੇਤ ਦੇਸ਼ਭਰ ਦੇ ਕਿਸਾਨ ਮੁੜ ਤੋਂ ਦਿੱਲੀ ਵਾਲੇ ਮੋਰਚਿਆਂ ਵਿੱਚ ਡਟ ਗਏ ਹਨ। ਜਿਨ੍ਹਾਂ ਨੇ ਮੁੜ ਤੋਂ ਕਿਸਾਨੀ ਮੋਰਚਾ ਸੰਭਾਲਦਿਆਂ ਮੋਦੀ ਲਾਣੇ ਨੂੰ ਤਰੇਲੀਆਂ ਪੈਣ ਲਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਰਕੇਸ਼ ਟਿਕੈਤ ਦੇ ਅੱਥਰੂਆਂ ਨੇ ਖੇਤੀ ਕਾਨੂੰਨ ਵਾਪਿਸ ਕਰਵਾਉਣ ਲਈ ਇੱਕ ਵੱਖਰਾ ਤੇ ਨਰੋਆ ਰਾਹ ਤਿਆਰ ਕੀਤਾ ਹੈ।
ਬਰਨਾਲਾ (ਖੇਤਰੀ ਪ੍ਰਤੀਨਿਧ) ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸਥਾਨਕ ਰੇਲਵੇ ਸਟੇਸ਼ਨ ‘ਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ 151ਵੇਂ ਦਿਨ ਵੀ ਜੋਸ਼ੋਖਰੋਸ਼ ਨਾਲ ਡਟੇ ਰਹੇ| ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਨਾ ਸਿੰਘ ਫਰਵਾਹੀ, ਗੁਰਨਾਮ ਸਿੰਘ ਠੀਕਰੀਵਾਲਾ, ਮੇਲਾ ਸਿੰਘ ਕੱਟੂ, ਮਨਜੀਤ ਰਾਜ, ਜੁਗਰਾਜ ਸਿੰਘ ਰਾਮਾ, ਬਾਬੂ ਸਿੰਘ ਖੁੱਡੀ, ਪਰਮਿੰਦਰ ਸਿੰਘ ਹੰਡਿਆਇਆ, ਗੁਲਾਬ ਗਿੱਲ, ਬਲਵੰਤ ਸਿੰਘ ਉੱਪਲੀ, ਗੁਰਚਰਨ ਸਿੰਘ ਸਰਪੰਚ ਕੋਠੇ, ਪ੍ਰੇਮਪਾਲ ਕੌਰ ਤੇ ਕਰਨੈਲ ਸਿੰਘ ਗਾਂਧੀ ਆਦਿ ਨੇ ਕਿਹਾ ਕਿ ਜਿਹੜੇ ਖੇਤੀ ਕਾਨੂੰਨਾਂ ਨੂੰ ਸਮੇਤ ਪ੍ਰਧਾਨ ਮੰਤਰੀ ਮੋਦੀ ਤੇ ਸਮੂਹ ਭਾਜਪਾ ਆਗੂ ਕਿਸਾਨਾਂ ਦੀ ਕਿਸਮਤ ਦਾ ਤਾਲਾ ਖੋਲ੍ਹਣ ਵਾਂਗ ਪ੍ਰਚਾਰ ਰਹੇ ਹਨ ਉਹ ਕਾਨੂੰਨ ਕਿਸਾਨਾਂ ਅਤੇ ਖੇਤੀ ਨਾਲ ਜੁੜੇ ਮਜ਼ਦੂਰਾਂ ਦੇ ਜੀਵਨ ਨਾਸ਼ਕ ਹਨ| ਮੋਦੀ ਹਕੂਮਤ ਆਮ ਲੋਕਾਂ ਦੀ ਸੇਵਾ ਦੀ ਥਾਂ ਜੋਕਾਂ (ਸਰਮਾਏਦਾਰਾਂ) ਦੀ ਜੀ ਹਜ਼ੂਰੀ ’ਚ ਮਸ਼ਗੂਲ ਹਨ| ਕੇਂਦਰੀ ਨੀਤੀਆਂ ਦੇ ਮੱਦੇਨਜ਼ਰ ਜਿੱਥੇ ਮਹਿੰਗਾਈ ਸ਼ਿਖਰ ’ਤੇ ਪੁੱਜ ਕੇ ਲੋਕਾਂ ਦਾ ਜਿਉਣਾ ਦੁੱਭਰ ਕਰ ਰਹੀ ਹੈ ਉੱਥੇ ਮੋਦੀ ਸਰਕਾਰ ਦੇ ਚਹੇਤੇ ਕਾਰਪੋਰੇਟਸ ਦੀ ਆਮਦਨ/ਜਾਇਦਾਦ ਦਿਨ ਦੁੱਗਣੀ ਰਾਤ ਚੌਗੁਣੀ ਵਧ ਰਹੀ ਹੈ| ਲੋਕ ਹੱਕਾਂ ਲਈ ਮਹੀਨਿਆਂ ਤੋਂ ਸੜਕਾਂ ’ਤੇ ਡਟੇ ਹੋਏ ਹਨ।
ਗਦਰ ਲਹਿਰ ਦੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀਆਂ
ਮਹਿਲ ਕਲਾਂ (ਪੱਤਰ ਪ੍ਰੇਰਕ) ਟੌਲ ਪਲਾਜ਼ਾ ਮਹਿਲ ਕਲਾਂ ਦੇ ਮੁਕੰਮਲ ਬੰਦ ਦੌਰਾਨ ਚੱਲ ਰਿਹਾ ਪੱਕਾ ਕਿਸਾਨ ਮੋਰਚਾ ਅੱਜ 152 ਵੇਂ ਦਿਨ ਵਿੱਚ ਸ਼ਾਮਲ ਹੋ ਗਿਆ। ਅੱਜ ਪੱਕੇ ਮੋਰਚੇ ’ਤੇ 2 ਮਾਰਚ 1915 ਨੂੰ ਸਿੰਗਾਪੁਰ ਵਿੱਚ ਗਦਰ ਲਹਿਰ ਦੇ ਸ਼ਹੀਦ ਫੌਜੀਆਂ ਦੀ ਸ਼ਹਾਦਤ ਦਾ ਦਿਨ ਮਨਾਉਂਦਿਆਂ ਗਦਰ ਲਹਿਰ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਗਦਰ ਲਹਿਰ ਦਾ ਕੁਰਬਾਨੀਆਂ ਭਰਿਆ ਇਤਿਹਾਸ ਸਾਡਾ ਮਾਰਗ ਦਰਸ਼ਕ ਹੈ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਗੁਰਮੇਲ ਸਿੰਘ ਠੁੱਲੀਵਲ, ਮਾਸਟਰ ਸੋਹਣ ਸਿੰਘ, ਗੋਬਿੰਦਰ ਸਿੰਘ ਮਹਿਲ ਕਲਾਂ, ਜਗਤਾਰ ਸਿੰਘ ਛੀਨੀਵਾਲ, ਸ਼ਿੰਦਰ ਕੌਰ ਆਦਿ ਨੇ ਮੋਦੀ ਸਰਕਾਰ ਵੱਲੋਂ ਥੋਪੇ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕਰਦਿਆਂ ਸਰਕਾਰ ਵੱਲੋਂ ਅੰਦੋਲਨ ਖ਼ਿਲਾਫ਼ ਵਰਤੇ ਜਾ ਰਹੇ ਹਥਕੰਡਿਆਂ ਦੀ ਨਿਖੇਧੀ ਕੀਤੀ।