ਪਵਨ ਗੋਇਲ
ਭੁੱਚੋ ਮੰਡੀ, 4 ਨਵੰਬਰ
ਕਿਸਾਨਾਂ ਨੇ 5 ਨਵੰਬਰ ਦੇ ਚੱਕਾ ਜਾਮ ਨੂੰ ਇਤਿਹਾਸਕ ਬਣਾਉਣ ਅਤੇ ਮੋਦੀ ਸਰਕਾਰ ਦੀਆਂ ਬਦਲਾ ਲਊ ਨੀਤੀਆਂ ਦਾ ਮੂੰਹ-ਤੋੜ ਜਵਾਬ ਦੇਣ ਲਈ ਕਮਰਕੱਸੇ ਕਸ ਲਏ ਹਨ। ਕਿਸਾਨਾਂ ਅਤੇ ਔਰਤਾਂ ਦੇ ਵੱਖੋ-ਵੱਖਰੇ ਗਰੁੱਪਾਂ ਨੇ ਟਰੈਕਟਰਾਂ ’ਤੇ ਸਪੀਕਰ ਬੰਨ੍ਹ ਕੇ ਇਲਾਕੇ ਦੇ ਪਿੰਡਾਂ ਵਿੱਚ ਹਰ ਵਰਗ ਦੇ ਲੋਕਾਂ ਨੂੰ ਜਾਮ ਵਿੱਚ ਸ਼ਾਮਲ ਹੋਣ ਦਾ ਹੋਕਾ ਦਿੱਤਾ। ਇਸ ਮੌਕੇ ਬਲਾਕ ਆਗੂ ਹੁਸ਼ਿਆਰ ਸਿੰਘ ਅਤੇ ਬਲਜੀਤ ਸਿੰਘ ਨੇ ਕਿਹਾ ਕਿ 5 ਨਵੰਬਰ ਨੂੰ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ 12 ਵਜੇ ਤੋਂ ਲੈ ਕੇ ਚਾਰ ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ। ਇਸ ਸਬੰਧੀ ਤਿਆਰੀ ਮੁਕੰਮਲ ਕਰ ਲਈ ਹੈ।
ਸਰਦੂਲਗੜ੍ਹ (ਬਲਜੀਤ ਸਿੰਘ): ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸਰਦੂਲਗੜ੍ਹ ’ਚ ਰਿਲਾਇੰਸ ਪੰਪ ਦਾ ਕਿਸਾਨਾਂ ਅਤੇ ਕਿਸਾਨ ਯੂਨੀਅਨ ਵੱਲੋਂ ਪਿਛਲੇ 31 ਦਿਨਾ ਤੋਂ ਘਿਰਾਓ ਕੀਤਾ ਹੋਇਆ ਹੈ। ਕਿਸਾਨ ਆਗੂ ਬਲਾਕ ਪ੍ਰਧਾਨ ਜਗਜੀਤ ਸਿੰਘ ਜੱਗਾ, ਬਿੰਦਰ ਸਿੰਘ ਝੰਡਾ ਕਲਾਂ, ਬੀਲਾਂ ਸਿੰਘ ਆਦਮਕੇ, ਲੀਲਾ ਸਿੰਘ ਜਟਾਣਾ, ਨਾਜਰ ਸਿੰਘ ਮੀਰਪੁਰ, ਰਣਜੀਤ ਸਿੰਘ ਮੀਰਪੁਰ, ਬਿੰਦੂ ਸਿੰਘ ਸਰਦੂਲਗੜ੍ਹ, ਗੁਰਪ੍ਰੀਤ ਸਿੰਘ ਸਰਦੂਲਗੜ੍ਹ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਕਾਨੂੰਨ ਕਿਸਾਨ, ਮਜ਼ਦੂਰ, ਛੋਟੇ ਦੁਕਾਨਦਾਰ ਅਤੇ ਵਪਾਰੀ ਦੇ ਖ਼ਿਲਾਫ਼ ਹਨ। ਉਨ੍ਹਾਂ ਆਮ ਲੋਕਾਂ, ਕਿਸਾਨਾਂ, ਮਜ਼ਦੂਰਾ ਆਦਿ ਨੂੰ ਅਪੀਲ ਕੀਤੀ ਕਿ ਉਹ ਰਿਲਾਇੰਸ ਵਰਗੇ ਅਮੀਰ ਘਰਾਣਿਆਂ ਦੇ ਚੱਲ ਰਹੇ ਕਾਰੋਬਾਰਾਂ ਦੀਆਂ ਕੋਈ ਵੀ ਵਸਤੂਆਂ ਪ੍ਰਯੋਗ ਨਾ ਕਰਨ ਤਾਂ ਕਿ ਕੇਂਦਰ ਸਰਕਾਰ ਅਤੇ ਉਨ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਸਾਡੀ ਏਕਤਾ ਦਾ ਪਤਾ ਲੱਗ ਸਕੇ।
ਭਦੌੜ (ਰਾਜਿੰਦਰ ਵਰਮਾ): ਰਿਲਾਇੰਸ ਪੰਪ ’ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਦਿੱਤੇ ਜਾ ਰਹੇ ਧਰਨੇ ਦੇ 35ਵੇਂ ਦਿਨ ਅੱਜ ਕਾਲਾ ਸਿੰਘ ਜੈਦ, ਗੁਰਮੇਲ ਭੁਟਾਲ, ਸੀਪੀਆਈ ਆਗੂ ਗੁਰਮੇਲ ਸ਼ਰਮਾ, ਕੁਲਵੰਤ ਸਿੰਘ ਮਾਨ, ਭੋਲਾ ਸਿੰਘ ਛੰਨਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਕਿਸਾਨੀ ਅਤੇ ਪੰਜਾਬ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਮੋਦੀ ਸਰਕਾਰ ਨੂੰ ਖਮਿਆਜ਼ਾ ਭੁਗਤਣਾ ਪਵੇਗਾ। ਕਿਸਾਨ ਆਗੂਆਂ ਵੱਲੋਂ 5 ਨਵੰਬਰ ਨੂੰ ਚੱਕੇ ਜਾਮ ਦੇ ਸਬੰਧ ਵਿੱਚ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆ ਅਤੇ ਦੁਕਾਨਦਾਰਾਂ ਤੋਂ ਸਹਿਯੋਗ ਦੀ ਮੰਗ ਕੀਤੀ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮਾਹਮੂਜੋਈਆ ਟੌਲ ਪਲਾਜ਼ਾ, ਜੀਡੇ ਜਲਾਲਾਬਾਦ, ਰਿਲਾਇੰਸ ਪੰਪ ਜਲਾਲਾਬਾਦ ’ਤੇ ਕੀਤਾ ਗਿਆ ਘਿਰਾਓ 35ਵੇਂ ਦਿਨ ’ਚ ਸ਼ਾਮਲ ਹੋ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸਤਪਾਲ ਭੋਡੀਪੁਰ ਨੇ ਕਿਹਾ ਕਿ 5 ਨਵੰਬਰ ਵੀਰਵਾਰ ਨੂੰ 12 ਤੋਂ 4 ਵਜੇ ਤੱਕ ਮਾਹਮੂਜੋਈਆ ਟੌਲ ਪਲਾਜ਼ਾ ਰਿਲਾਇੰਸ ਪੰਪ ਜਲਾਲਾਬਾਦ ਵਿੱਚ ਮੁਕੰਮਲ ਚੱਕ ਜਾਮ ਕੀਤਾ ਜਾਵੇਗਾ।
ਤਪਾ ਮੰਡੀ (ਸੀ ਮਾਰਕੰਡਾ): ਪੰਜਾਬ ਕਿਸਾਨ ਯੂਨੀਅਨ ਨੇ ਮੋਦੀ ਸਰਕਾਰ ਵੱਲੋਂ ਤੁਗਲਕੀ ਫ਼ੈਸਲੇ ਰਾਹੀਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੱਜ ਕਿਸਾਨ ਯੂਨੀਅਨ ਦੇ ਝੰਡੇ ਲੈਕੇ ਪਿੰਡ ਘੁੰਨਸ ਤੋਂ ਪਿੰਡ ਦੀਆਂ ਕਿਸਾਨ ਬੀਬੀਆਂ ਪ੍ਰਧਾਨ ਜੱਗਾ ਸਿੰਘ ਬਦਰਾ ਦੀ ਅਗਵਾਈ ਹੇਠ ਰੇਲਵੇ ਸ਼ਟੇਸ਼ਨ ਬਰਨਾਲਾ ਦੇ ਧਰਨੇ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਈਆਂ। ਕਿਸਾਨ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਿੰਨਾ ਮਰਜ਼ੀ ਅੜੀਅਲ ਵਤੀਰਾ ਅਪਣਾ ਲਵੇ ਕਿਸਾਨ ਆਪਣੇ ਲਗਾਤਾਰ ਦਿੱਤੇ ਜਾ ਰਹੇ ਧਰਨਿਆਂ ਤੋਂ ਇੱਕ ਇੰਚ ਵੀ ਪਿੱਛੇ ਨਹੀਂ ਹਟਣਗੇ।
ਕੇਂਦਰ ਨੇ ਬਦਲਾ ਨੀਤੀ ਤਹਿਤ ਰੋਕੀਆਂ ਪੰਜਾਬ ਦੀਆਂ ਰੇਲਾਂ: ਕਿਸਾਨ
ਬਰਨਾਲਾ (ਪਰਸ਼ੋਤਮ ਬੱਲੀ): ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਸਬੰਧੀ 35ਵੇਂ ਦਿਨ ਬਰਨਾਲਾ ਰੇਲਵੇ ਸਟੇਸ਼ਨ ’ਤੇ ਡਟੇ ਕਿਸਾਨਾਂ ਜਿੱਥੇ 5 ਦੇ ਭਾਰਤ ਚੱਕਾ ਜਾਮ ਦੇ ਸੱਦੇ ਨੂੰ ਸਫ਼ਲ ਬਣਾਉਣ ਦਾ ਅਹਿਦ ਕੀਤਾ, ਉੱਥੇ ਕਿਹਾ ਕਿ ਕੇਂਦਰੀ ਮੋਦੀ ਸਰਕਾਰ ਆਪਣੇ ਖੇਤੀ ਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੋਕਣ ਦੀ ਬਜਾਏ ਬਦਲਾ ਨੀਤੀ ਤਹਿਤ ਪੰਜਾਬ ਨੂੰ ਆਉਂਦੀਆਂ ਰੇਲਾਂ ਰੋਕੀਆਂ ਹੋਈਆਂ ਹਨ। ਕਿਸਾਨ ਆਗੂਆਂ ਨੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਪੰਜਾਬ ਸਰਕਾਰ ਅਤੇ ਚੁਣੇ ਪ੍ਰਤੀਨਿਧਾਂ ਨੂੰ ਮਿਲਣ ਤੋਂ ਇਨਕਾਰ ਕੀਤੇ ਜਾਣ ਨੂੰ ਵੀ ਜਮਹੂਰੀਅਤ ਦਾ ਜਨਾਜਾ ਦੱਸਿਆ।