ਲਖਵਿੰਦਰ ਸਿੰਘ
ਮਲੋਟ, 6 ਨਵੰਬਰ
ਹਲਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਅੱਜ ਮਲੋਟ ਵਿੱਚ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਰੈਲੀ ਕੀਤੀ। ਇਸ ਰੈਲੀ ਵਿੱਚ ਸ਼ਹਿਰ ਵਾਸੀਆਂ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ।
ਰੈਲੀ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਭੱਟੀ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਕਈ ਨਿਸ਼ਾਨੇ ਲਾਏ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਵਿਧਾਨ ਸਭਾ ’ਚ ਬੁਲਾਏ ਗਏ ਵਿਸ਼ੇਸ਼ ਸੈਸ਼ਨ ਅਤੇ ਜੰਤਰ-ਮੰਤਰ ਵਿੱਚ ਲਗਾਏ ਗਏ ਧਰਨੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪਹਿਲਾਂ ਹੀ ਆਰਥਿਕ ਤੌਰ ’ਤੇ ਡਾਵਾਂਡੋਲ ਚੱਲ ਰਹੇ ਪੰਜਾਬ ਨੂੰ ਡੋਬਣ ’ਤੇ ਉਤਾਰੂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਲਾ, ਖਾਦ ਅਤੇ ਹੋਰ ਸਮੱਗਰੀ ਲੈ ਕੇ ਆਉਣ ਵਾਲੀਆਂ ਮਾਲ ਗੱਡੀਆਂ ‘ਤੇ ਕੇਂਦਰ ਸਰਕਾਰ ਨੇ ਰੋਕ ਲਗਾ ਦਿੱਤੀ ਹੈ, ਜਿਸ ਨਾਲ ਪੰਜਾਬ ਵਿੱਚ ਪਾਵਰ ਕੱਟ ਲੱਗਣਗੇ ਅਤੇ ਖੇਤੀ ਵੀ ਪ੍ਰਭਾਵਿਤ ਹੋਵੇਗੀ। ਉਨ੍ਹਾਂ ਨੇ ਨਗਰ ਕੌਂਸਲ ਚੋਣਾਂ ਬਾਰੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਚੋਣਾਂ ਬਿਨਾਂ ਪੱਖਪਾਤ ਦੇ ਕਰਵਾਉਣਗੇ ਅਤੇ ਜਿੱਤ ਹਾਸਲ ਕਰਨਗੇ। ਇਸ ਮੌਕੇ ਹਲਕਾ ਇੰਚਾਰਜ ਅਮਨਪ੍ਰੀਤ ਭੱਟੀ, ਬਲਕਾਰ ਸਿੰਘ ਔਲਖ, ਚੇਅਰਮੈਨ ਜੋਗਿੰਦਰ ਸਿੰਘ ਰੱਥੜੀਆਂ, ਵਰਿੰਦਰ ਮੱਕੜ, ਜਗਨਨਾਥ ਸ਼ਰਮਾ ਹਾਜ਼ਰ ਸਨ।
ਐੱਮਸੀ ਬਣਨ ਦੇ ਚਾਹਵਾਨਾਂ ਵੱਲੋਂ ਸ਼ਕਤੀ ਪ੍ਰਦਰਸ਼ਨ
ਇਸ ਰੈਲੀ ਵਿਚ ਐੱਮਸੀ ਦੀਆਂ ਚੋਣਾਂ ਲੜਨ ਅਤੇ ਐੱਮਸੀ ਬਣਨ ਦੇ ਚਾਹਵਾਨਾਂ ਨੇ ਅੱਡੋ-ਅੱਡੀ ਆਪਣੇ ਸਮਰਥਕ ਲੈ ਕੇ ਸ਼ਮੂਲੀਅਤ ਕੀਤੀ ਅਤੇ ਖ਼ੂਬ ਨਾਅਰੇਬਾਜ਼ੀ ਕੀਤੀ।