ਜੋਗਿੰਦਰ ਸਿੰਘ ਮਾਨ
ਮਾਨਸਾ, 19 ਅਗਸਤ
ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜ ਢਿੱਲਵਾਂ ਵਿੱਚ ਕੇਂਦਰ ਸਰਕਾਰ ਦੀ ਸਕੀਮ ‘ਅੰਮ੍ਰਿਤ ਸਰੋਵਰ’ ਦਾ ਲਾਭ ਉਠਾਉਂਦੇ ਹੋਏ ਪਿੰਡ ਦੇ ਟੋਭੇ ਨੂੰ ਸਾਫ਼ ਕਰਨ ਅਤੇ ਉਸ ਦੇ ਆਸ-ਪਾਸ ਸਫ਼ਾਈ ਕਰਵਾ ਕੇ ਪਾਰਕ ਬਣਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ, ਉਸ ਨਾਲ ਟੋਭੇ ਦੀ ਨੁਹਾਰ ਬਦਲ ਗਈ ਹੈ। ਇਸ ਸਕੀਮ ਤਹਿਤ ਮਾਲਵਾ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਹੋਰਨਾਂ ਪੰਚਾਇਤਾਂ ਵੱਲੋਂ ਵੀ ਟੋਭਿਆਂ ਨੂੰ ਨਵਾਂ ਰੂਪ ਦੇਣਾ ਆਰੰਭ ਕਰ ਦਿੱਤਾ ਹੈ।
ਪਿੰਡ ਦੇ ਸਰਪੰਚ ਜਗਦੀਪ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਹੁਣ ਤੱਕ ਪੰਜ ਲੱਖ ਰੁਪਏ ਖਰਚ ਹੋ ਗਏ ਹਨ ਅਤੇ ਸਾਰੇ ਪ੍ਰਾਜੈਕਟ ਉੱਤੇ ਕਰੀਬ 15 ਤੋਂ 20 ਲੱਖ ਰੁਪਏ ਖਰਚ ਆਉਣੇ ਹਨ, ਜਿਸ ਨਾਲ ਪਿੰਡ ਦਾ ਛੱਪੜ ਸਾਫ਼-ਸੁਥਰਾ ਅਤੇ ਦਰਸ਼ਨੀ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਝੀਲ ਵਾਂਗ ਲੋਕ ਦੂਰੋਂ-ਦੂਰੋਂ ਇਸ ਛੱਪੜ ਨੂੰ ਦੇਖਣ ਲਈ ਹੁਣੇ ਤੋਂ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਨ੍ਹਾਂ ਦਾ ਵਿਕਾਸ ਕਾਰਜਾਂ ਵਿੱਚ ਸਹਿਯੋਗ ਕਰਦੇ ਹਨ। ਪਿੰਡ ਵਾਸੀਆਂ ਤੇ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਿਲ ਰਹੇ ਸਹਿਯੋਗ ਸਦਕਾ ਉਹ ਆਪਣੇ ਪਿੰਡ ਦਾ ਵਿਕਾਸ ਕਰਵਾ ਰਹੇ ਹਨ।
ਇਸੇ ਦੌਰਾਨ ‘ਸੰਵਿਧਾਨ ਬਚਾਓ ਮੰਚ’ ਮਾਨਸਾ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਪਿੰਡਾਂ ਵਿੱਚੋਂ ਟੋਭਿਆਂ ਦੀ ਸੜੇਹਾਣ ਖ਼ਤਮ ਕਰਨ ਲਈ ਹੁਣ ਆਧੁਨਿਕ ਦਿੱਖ ਵਾਲੇ ਟੋਭੇ ਬਣਾਉਣ ਦੀ ਲੋੜ ਹੈ ਤਾਂ ਜੋ ਨਵੀਂ ਪੀੜ੍ਹੀ ਟੋਭਿਆਂ ਦੀ ਮਹੱਤਤਾ ਅਤੇ ਲੋੜ ਨੂੰ ਸਮਝ ਸਕੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਜ਼ਿਆਦਾ ਗੰਦਗੀ ਅਤੇ ਬਿਮਾਰੀਆਂ ਫੈਲਣ ਦਾ ਕਾਰਨ ਟੋਭਿਆਂ ਦੀ ਸਹੀ ਢੰਗ ਨਾਲ ਸਾਫ-ਸਫਾਈ ਨਾ ਹੋਣਾ ਅਤੇ ਗੰਦੇ ਪਾਣੀ ਨੂੰ ਸਹੀ ਢੰਗ ਨਾਲ ਟਰੀਟ ਨਾ ਕੀਤਾ ਜਾਣਾ ਹੈ।
ਵਧੀਕ ਡਿਪਟੀ ਕਮਿਸ਼ਨਰ ਟੀ ਬੈਨਿਥ ਨੇ ਦੱਸਿਆ ਕਿ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਸਿਆਸਤ ਤੋਂ ਉੱਪਰ ਉੱਠ ਕੇ ਵਿਕਾਸ ਕਾਰਜਾਂ ਲਈ ਟੋਭਿਆਂ ਨੂੰ ਜੋ ਨਵਾਂ ਰੂਪ ਦਿੱਤਾ ਜਾਣਾ ਆਰੰਭ ਕੀਤਾ ਗਿਆ ਹੈ, ਉਸ ਦੇ ਚੰਗੇ ਨਤੀਜੇ ਸਾਹਮਣੇ ਆਉਣ ਦੀ ਆਸ ਬੱਝੀ ਹੈ।