ਨਿੱਜੀ ਪੱਤਰ ਪ੍ਰੇਰਕ
ਬੁਢਲਾਡਾ, 12 ਅਗਸਤ
ਸੀਪੀਆਈ ਦੇ ਕੌਮੀ ਕੌਸਲ ਮੈਂਬਰ ਅਤੇ ਹਲਕਾ ਬੁਢਲਾਡਾ ਦੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਅੱਜ ਇਥੇ ਸਾਥੀ ਗੁਰਬਚਨ ਮੰਦਰਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਦੌਰਾਨ ਕਿਹਾ ਕਿ ਵੱਖ ਵੱਖ ਪ੍ਰਾਈਵੇਟ ਕੰਪਨੀਆਂ ਵੱਲੋਂ ਸੈਲਫ ਹੈਲਪ ਗਰੁੱਪ ਤਹਿਤ ਰੁਜ਼ਗਾਰ ਦੇ ਨਾਂ ਹੇਠ ਔਰਤਾਂ ਨੂੰ ਦਿੱਤੇ ਕਰਜ਼ਿਆਂ ਦੀਆਂ ਕਿਸ਼ਤਾਂ ਮੋੜਣ ਤੋਂ ਅਸਮਰੱਥ ਹਨ ਤੇ ਕੰਪਨੀਆਂ ਵੱਲੋਂ ਆਰਬੀਆਈ ਤੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਕਰਜ਼ੇ ਮੋੜਨ ਦੀਆਂ ਧਮਕੀਆ ਦਿੱਤੀਆ ਜਾ ਰਹੀਆਂ ਹਨ। ਇਸ ਦੇ ਰੋਸ ਵਜੋਂ ਸਮੂਹ ਮਜ਼ਦੂਰ ਤੇ ਕਿਰਤੀ ਵਰਗ ਦੇ ਮਰਦ-ਔਰਤਾਂ ਇਸ ਨਿਜ਼ਾਮ ਖ਼ਿਲਾਫ਼ ਅਤੇ ਕਿਰਤੀ ਔਰਤਾਂ ਦੇ ਹੱਕ ਵਿੱਚ 31 ਅਗਸਤ ਨੂੰ ਪੰਜਾਬ ਖੇਤ ਮਜ਼ਦੂਰ ਸਭਾ ਅਤੇ ਸੀਪੀਆਈ ਦੀ ਅਗਵਾਈ ਹੇਠ ਬੁਢਲਾਡਾ ਵਿੱਚ ਰੋਸ ਮੁਜ਼ਾਹਰਾ ਕਰਕੇ ਅਨਾਜ ਮੰਡੀ ਵਿੱਚ ਰੋਸ ਰੈਲੀ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਕ੍ਰਿਸ਼ਨ ਚੌਹਾਨ, ਪ੍ਰਧਾਨ ਸੀਤਾ ਰਾਮ ਗੋਬਿੰਦਪੁਰਾ, ਸੀਪੀ ਆਈ ਦੇ ਬਲਾਕ ਸਕੱਤਰ ਕਾਮਰੇਡ ਵੇਦ ਪ੍ਰਕਾਸ਼, ਕਾਮਰੇਡ ਰਾਏਕੇ, ਹਰੀ ਸਿਮਘ ਟਾਹਲੀਆਂ, ਕੁੱਲ ਹਿੰਦ ਕਿਸਾਨ ਸਭਾ ਦੇ ਮਲਕੀਤ ਸਿੰਘ ਮੰਦਰਾਂ, ਗੁਰਮੀਤ ਕੌਰ, ਪਰਮਜੀਤ ਕੌਰ, ਬੰਬੂ ਸਿੰਘ ਫੁਲੂਵਾਲਾ ਡੋਗਰਾ, ਚਿਮਨ ਲਾਲ ਕਾਕਾ ਟਰੇਡ ਯੂਨੀਅਨ ਬੁਢਲਾਡਾ ਨੇ ਸੰਬੋਧਨ ਕੀਤਾ।