ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 11 ਸਤੰਬਰ
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰਾਂ ਦੇ ਬਣੇ ਸਾਂਝੇ ਮੋਰਚੇ ਦੀ ਕੜੀ ਤਹਿਤ ਸੰਗਰੂਰ ਵਿੱਚ ਭਲਕੇ ਤੋਂ ਭਗਵੰਤ ਮਾਨ ਦੀ ਕੋਠੀ ਅੱਗੇ ਤਿੰਨ ਰੋਜ਼ਾ ਧਰਨਾ ਦੇਣ ਦੀ ਤਿਆਰੀ ਵਜੋਂ ਮੁਕਤਸਰ, ਧੂਰੀ, ਭਵਾਨੀਗੜ੍ਹ ਆਦਿ ਖੇਤਰਾਂ ’ਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ, ਹਾਲਾਂਕਿ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਨੇ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਵਿੱਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਮੁਕੰਮਲ ਪਾਬੰਦੀ ਦੇ ਆਦੇਸ਼ ਦਿੱਤੇ ਹਨ। ਉਥੇ ਹੀ ਗਿਦੜਬਾਹਾ ਹਲਕੇ ਦੇ ਪਿੰਡਾਂ ’ਚ ਬਾਜ ਸਿੰਘ ਭੁੱਟੀਵਾਲਾ ਦੀ ਅਗਵਾਈ ਹੇਠ ਭਗਵੰਤ ਮਾਨ ਦੇ ਪੁਤਲੇ ਫੂਕ ਕੇ ਰੋਸ ਜ਼ਾਹਿਰ ਕੀਤਾ ਗਿਆ|
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਜੋ ਪਾਬੰਦੀ ਮੜੀ ਜਾ ਰਹੀ ਹੈ, ਇਹ ਨਵੰਬਰ 2018 ਨੂੰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਜਾਰੀ ਹੁਕਮਾਂ ਦੇ ਹਵਾਲੇ ’ਚ ਹੀ ਮੜੀ ਜਾ ਰਹੀ ਹੈ| ਉਨ੍ਹਾਂ ਨਵੰਬਰ 2018 ਦੇ ਹੁਕਮਾਂ ਦੀ ਨਕਲ ਜਾਰੀ ਕਰਦਿਆਂ ਦੱਸਿਆ ਕਿ ਸੰਘਰਸ਼ਾਂ ’ਚੋਂ ਨਿਕਲੀ ਆਮ ਆਦਮੀ ਪਾਰਟੀ ਹੁਣ ਖੁਦ ਹੀ ਸੰਘਰਸ਼ਾਂ ਦੇ ਪਾਬੰਦੀ ਲਾ ਰਹੀ ਹੈ ਤਾਂ ਇਸ ਤੋਂ ਸਪੱਸ਼ਟ ਹੈ ਕਿ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਉਹ ਅਸਲ ਵਿੱਚ ਆਮ ਲੋਕਾਂ ਦੇ ਖ਼ਿਲਾਫ਼ ਹੀ ਹੁੰਦੀ ਹੈ| ਉਨ੍ਹਾਂ ਕਿਹਾ ਕਿ ਸਰਕਾਰੀ ਮਨਾਹੀ ਦੇ ਬਾਵਜੂਦ, ਉਹ ਸੰਘਰਸ਼ ਲਈ ਤਿਆਰ ਹਨ ਤੇ ਆਗੂਆਂ ਤੇ ਵਰਕਰਾਂ ਵੱਲੋਂ ਪਿੰਡ-ਪਿੰਡ ਬੈਠਕਾਂ ਦਾ ਸਿਲਸਿਲਾ ਜਾਰੀ ਹੈ| ਇਸ ਦੌਰਾਨ ਮੁਕਤਸਰ ਖੇਤਰ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ’ਚ ਮਜ਼ਦੂਰਾਂ ਨੂੰ ਲਾਮਬੰਦ ਕਰ ਰਹੇ ਮਜ਼ਦੂਰ ਆਗੂ ਕਾਕਾ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ ਉਹ ਕਰੀਬ 50 ਪਿੰਡਾਂ ’ਚ ਰੈਲੀਆਂ ਕਰ ਰਹੇ ਹਨ| ਉਨ੍ਹਾਂ ਦੱਸਿਆ ਕਿ 12 ਸਤੰਬਰ ਤੋਂ ਸ਼ੁਰੂ ਹੋ ਰਹੇ ਧਰਨੇ ਵਿੱਚ ਵੱਡੀ ਗਿਣਤੀ ਖੇਤ ਮਜ਼ਦੂਰ ਤੇ ਕਿਸਾਨ ਪੁੱਜਣਗੇ|
ਭੁੱਚੋ ਮੰਡੀ (ਪੱਤਰ ਪ੍ਰੇਰਕ): ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਪਿੰਡ ਚੱਕ ਰਾਮ ਸਿੰਘ ਵਾਲਾ ਅਤੇ ਚੱਕ ਫਤਿਹ ਸਿੰਘ ਵਾਲਾ ਵਿੱਚ ਮੀਟਿੰਗਾਂ ਕਰਕੇ ਮਜ਼ਦੂਰਾਂ ਦੀਆਂ ਮੰਗਾਂ ਦੀ ਪੂਰਤੀ ਲਈ 13 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਲਾਈ ਦਫ਼ਾ 144 ਤੋੜ ਕੇ ਉਸ ਦੀ ਕੋਠੀ ਅੱਗੇ ਪਰਿਵਾਰਾਂ ਸਮੇਤ ਤਿੰਨ ਰੋਜ਼ਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ।