ਪੱਤਰ ਪ੍ਰੇਰਕ
ਮਾਨਸਾ, 6 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ 9 ਅਕਤੂਬਰ ਨੂੰ ਰਾਜ ਦੇ ਭਖਦੇ ਕਿਸਾਨੀ ਮਸਲਿਆਂ ਦੇ ਹੱਲ ਲਈ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਲਗਾਏ ਜਾ ਰਹੇ ਪੱਕੇ ਮੋਰਚੇ ਦੀਆਂ ਮਾਲਵਾ ਖੇਤਰ ਵਿੱਚ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ। ਇਸ ਮੋਰਚੇ ਦੀ ਲਾਮਬੰਦੀ ਤਹਿਤ ਜਥੇਬੰਦੀ ਵੱਲੋਂ ਅੱਜ ਮਾਨਸਾ ਸਮੇਤ ਅਨੇਕਾਂ ਜ਼ਿਲ੍ਹਿਆਂ ਦੇ ਵੱਡੇ ਪਿੰਡਾਂ ਵਿੱਚ ਨੁੱਕੜ ਰੈਲੀਆਂ ਕੀਤੀਆਂ ਗਈਆਂ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਪਿੰਡ-ਪਿੰਡ ਤਿਆਰੀ ਮੀਟਿੰਗਾਂ, ਰੈਲੀਆਂ, ਨੁੱਕੜ ਨਾਟਕਾਂ, ਢੋਲ ਮਾਰਚਾਂ ਅਤੇ ਜਾਗੋ ਮਾਰਚਾਂ ਦਾ ਸਿਲਸਿਲਾ ਜ਼ੋਰਾਂ ਨਾਲ ਚੱਲ ਰਿਹਾ ਹੈ। ਇਸ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਆਗੂਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਭਲਕੇ 7 ਅਕਤੂਬਰ ਨੂੰ ਗੱਲਬਾਤ ਕਰਵਾਉਣ ਲਈ ਮੁੜ ਲਿਖਤੀ ਰੂਪ ਵਿੱਚ ਸੱਦਾ ਭੇਜਿਆ ਗਿਆ ਹੈ। ਜਥੇਬੰਦੀ ਨੇ ਮੀਟਿੰਗ ਵਿੱਚ ਜਾਣ ਵਾਲੇ ਆਗੂਆਂ ਨੂੰ ਬਕਾਇਦਾ ਸੁਨੇਹੇ ਲਾ ਦਿੱਤੇ ਹਨ। ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਇਹ ਮੋਰਚਾ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀਆਂ ਦੀਆਂ ਭਖਦੀਆਂ ਮੰਗਾਂ ਪ੍ਰਤੀ ਸਰਕਾਰ ਵੱਲੋਂ ਵੱਟੀ ਚੁੱਪ ਅਤੇ ਕਿਸਾਨ ਵਿਰੋਧੀ ਤੇ ਸਾਮਰਾਜੀ ਕਾਰਪੋਰੇਟਾਂ ਪੱਖੀ ਫੈਸਲੇ ਲੈਣ ਦੇ ਵਿਰੋਧ ਵਿੱਚ ਲਾਇਆ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਕਿਸਾਨਾਂ ਦੀਆਂ ਮੁੱਖ ਮੰਗਾਂ ਦਾ ਜ਼ਿਕਰ ਕੀਤਾ। ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਵਿੱਚ ਨੁੱਕੜ ਰੈਲੀ ਕੀਤੀ ਗਈ ਜਿਸ ਨੂੰ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਸੰਬੋਧਨ ਕੀਤਾ।
ਝੁਨੀਰ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਇਕਾਈ ਝੁਨੀਰ ਦੇ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ ਦੀ ਸਰਪ੍ਰਸਤੀ ਅਧੀਨ ਇਸ ਖੇਤਰ ਦੇ ਪਿੰਡ ਭੰਮੇ ਕਲਾਂ ਵਿੱਚ ਅੱਜ ਸਗਰੂਰ ਧਰਨੇ ਦੇ ਸਬੰਧ ਵਿੱਚ ਤਿਆਰੀ ਮੀਟਿੰਗ ਕੀਤੀ ਗਈ। ਬੁਲਾਰਿਆਂ ਨੇ ਇਸ ਮੌਕੇ ਦੱਸਿਆ ਕਿ ਇਹ ਰੋਸ ਧਰਨਾ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਏ ਨਰਮੇ ਅਤੇ ਹੋਰ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਲੈਣ ਲਈ ਦਿੱਤਾ ਜਾ ਰਿਹਾ ਹੈ।
ਮਹਿਲ ਕਲਾਂ (ਪੱਤਰ ਪ੍ਰੇਰਕ): ਅੱਜ ਮਹਿਲ ਕਲਾਂ ਵਿੱਚ ਸੰਗਰੂਰ ਧਰਨੇ ਲਈ ਲਾਮਬੰਦੀ ਮੀਟਿੰਗ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਬੀਕੇਯੂ (ਉਗਰਾਹਾਂ) ਦੇ ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਬਲਾਕ ਪ੍ਰਧਾਨ ਜੱਜ ਸਿੰਘ ਗਹਿਲ, ਮੀਤ ਪ੍ਰਧਾਨ ਹਰਜੀਤ ਸਿੰਘ ਦੀਵਾਨਾ ਅਤੇ ਮਾਨ ਸਿੰਘ ਗੁਰਮ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਬਾਵਜੂਦ ਲਾਗੂ ਨਹੀਂ ਕਰ ਰਹੀਆਂ ਹਨ, ਜਿਸ ਕਾਰਨ ਕਿਸਾਨ ਸੰਘਰਸ਼ ਦੇ ਰਾਹ ਪਏ ਹਨ।