ਜੋਗਿੰਦਰ ਸਿੰਘ ਮਾਨ
ਮਾਨਸਾ, 1 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਮਾਲਵਾ ਖੇਤਰ ਵਿੱਚ ਦਰਜਨਾਂ ਥਾਵਾਂ ’ਤੇ ਪੰਜਾਬ ਸਰਕਾਰ ਨੂੰ ਭੇਜੀਆਂ ਗਈਆਂ ਮੰਗਾਂ ਦੀ ਪੂਰਤੀ ਵਾਸਤੇ 6 ਤੋਂ 10 ਜੂਨ ਤੱਕ ਸੂਬੇ ਦੇ ਪਿੰਡ-ਪਿੰਡ ਧਰਨੇ ਲਾਉਣ ਦੀਆਂ ਤਿਆਰੀਆਂ ਵਜੋਂ ਮੀਟਿੰਗ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਇਸ ਜ਼ਿਲ੍ਹੇ ਵਿੱਚ ਪਾਣੀ ਤੇ ਵਾਤਾਵਰਨ ਬਚਾਓ ਸਬੰਧੀ ਵਿੱਢੀ ਮੁਹਿੰਮ ਤਹਿਤ ਪਿੰਡ ਗੁਰਨੇ ਕਲਾਂ ਵਿੱਚ ਔਰਤਾਂ ਦਾ ਨਿਰੋਲ ਇਕੱਠ ਕੀਤਾ ਗਿਆ, ਜਿਸ ਨੂੰ ਸਰੋਜ ਰਾਣੀ ਦਿਆਲਪੁਰਾ, ਜਸਵਿੰਦਰ ਕੌਰ ਬਹਾਦਰਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਸਲੇ ’ਤੇ ਲੋਕਾਂ ਨੂੰ ਸੁਚੇਤ ਹੋ ਕੇ ਅੰਦੋਲਨ ਕਰਨਾ ਪੈਣਾ, ਜਿਸ ਦੀ ਪਹਿਲ ਜਥੇਬੰਦੀ ਨੇ ਕਰ ਦਿੱਤੀ ਹੈ। ਕਿਸਾਨ ਔਰਤ ਆਗੂਆਂ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਸੀਵਰੇਜ ਦਾ ਪਾਣੀ ਨਹਿਰਾਂ ਤੇ ਰਜਬਾਹਿਆਂ ਵਿੱਚ ਪਾਇਆ ਜਾ ਰਿਹਾ ਹੈ, ਜਿਸ ਨਾਲ ਨਹਿਰਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ। ਉਨ੍ਹਾਂ ਆਖਿਆ ਕਿ ਮੰਗਾਂ ਹੱਲ ਕਰਵਾਉਣ ਦੇ ਨਾਲ-ਨਾਲ ਪਾਣੀ ਬਚਾਉਣ ਲਈ ਲੜਨਾ ਪੈਣਾ ਹੈ। ਉਨ੍ਹਾਂ ਕਿਹਾ ਕਿ ਝੋਨੇ ਤੋਂ ਬਦਲੀਆਂ ਫਸਲਾਂ ਤੇ ਐੱਮ.ਐੱਸ.ਪੀ. ਤੈਅ ਕਰਕੇ ਖਰੀਦ ਕਰਨ ਦੀ ਗਾਰੰਟੀ ਦਿੱਤੀ ਜਾਵੇ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਬਰਸਾਤੀ ਪਾਣੀ ਦੀ ਭੂ-ਜਲ ਭੰਡਾਰ ਖਾਤਰ ਵਰਤੋਂ ਲਈ ਅਤੇ ਮੁੜ ਤਰਾਈ ਢਾਂਚਾ ਉਸਾਰਨ ਲਈ ਹੰਗਾਮੀ ਕਦਮ ਉਠਾਏ ਜਾਣ। ਉਨ੍ਹਾਂ ਕਿਹਾ ਕਿ ਖੁਸ਼ਹਾਲੀ ਤੇ ਬਰਾਬਰੀ ਲਿਆਉਣ ਦੇ ਮਕਸਦ ਲਈ ਜਥੇਬੰਦੀ ਵੱਲੋਂ ਸੰਘਰਸ਼ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਮੌਕੇ ਜੋਗਿੰਦਰ ਸਿੰਘ ਦਿਆਲਪੁਰਾ, ਛਿੰਦਰ ਕੌਰ ਭਲਾਈਕੇ ਨੇ ਵੀ ਸੰਬੋਧਨ ਕੀਤਾ।