ਪੱਤਰ ਪ੍ਰੇਰਕ
ਲੰਬੀ , 24 ਜੁਲਾਈ
ਪੰਜਾਬ ਖੇਤ ਮਜ਼ਦੂਰ ਯੂਨੀਅਨ ਬਲਾਕ ਲੰਬੀ ਵੱਲੋਂ ਸੱਤ ਜਥੇਬੰਦੀਆਂ ਦੇ ਸੱਦੇ ’ਤੇ 9 ਤੋਂ 11 ਅਗਸਤ ਤੱਕ ਪਟਿਆਲਾ ਧਰਨਾ ਪ੍ਰਦਰਸ਼ਨ ਅਤੇ 27 ਜੁਲਾਈ ਨੂੰ ਡਿਪਟੀ ਸਪੀਕਰ (ਕਾਂਗਰਸੀ ਵਿਧਾਇਕ) ਅਜੈਬ ਸਿੰਘ ਭੱਟੀ ਨੂੰ ਮਲੋਟ ਦਫ਼ਤਰ ਨੂੰ ਮੰਗ-ਪੱਤਰ ਅਤੇ ਘਿਰਾਉ ਸਬੰਧੀ ਲੰਬੀ ਦੇ ਪਿੰਡਾਂ ’ਚ ਲਾਮਬੰਦੀ ਮੀਟਿੰਗਾਂ ਅਤੇ ਮੁਜ਼ਾਹਰਿਆਂ ਦਾ ਦੌਰ ਜਾਰੀ ਹੈ। ਇਸ ਤਹਿਤ ਸਿੰਘੇਵਾਲਾ, ਮਹਿਣਾ, ਖਿਉਵਾਲੀ, ਭਾਗੂ, ਮੰਡੀ ਕਿੱਲਿਆਂਵਾਲੀ, ਗੱਗੜ, ਵੜਿੰਗਖੇੜਾ, ਖੁੱਡੀਆਂ ਅਤੇ ਮਿੱਠੜੀ ਬੁੱਧਗਿਰ ’ਚ ਮੀਟਿੰਗਾਂ ਕੀਤੀਆਂ ਗਈਆਂ। ਯੂਨੀਅਨ ਦੇ ਜ਼ਿਲ੍ਹਾ ਕਮੇਟੀ ਆਗੂ ਕਾਲਾ ਸਿੰਘ ਖੂਨਣ ਖੁਰਦ ਨੇ ਕਿਹਾ ਕਿ ਮੰਗਾਂ ਦੇ ਹੱਲ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਬਲਾਕ ਪ੍ਰਧਾਨ ਕਾਲਾ ਸਿੰਘ ਸਿੰਘੇਵਾਲਾ, ਜਗਸੀਰ ਸੀਰਾ ਹਾਜ਼ਰ ਸਨ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਮਜ਼ਦੂਰ ਜੱਥੇਬੰਦੀਆਂ ਵੱਲੋਂ ਮੰਗਾਂ ਦੀ ਪੂਰਤੀ ਲਈ ਪਟਿਆਲਾ ਵਿੱਚ ਤਿੰਨ ਰੋਜ਼ਾ ਧਰਨੇ ਦੀ ਸਫ਼ਲਤਾ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਪਿੰਡ ਚੱਕ ਰਾਮ ਸਿੰਘ ਵਾਲਾ ਅਤੇ ਕਰਤਾਰਪੁਰ ਥਾਂਦੇ ਵਿੱਚ ਮੀਟਿੰਗਾਂ ਕਰਕੇ ਖੇਤ ਮਜ਼ਦੂਰਾਂ ਨੂੰ ਇੱਕਜੁਟ ਹੋ ਕੇ ਸੰਘਰਸ਼ ਲੜਨ ਦਾ ਸੱਦਾ ਦਿੱਤਾ। ਇਸ ਮੌਕੇ ਜ਼ਿਲ੍ਹਾ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਸੰਬੋਧਨ ਕੀਤਾ।