ਪੱਤਰ ਪ੍ਰੇਰਕ
ਸਰਦੂਲਗੜ੍ਹ, 7 ਸਤੰਬਰ
ਪਿੰਡ ਕੁਸਲਾ ਦਾ ਮਨਰੇਗਾ ਮਜ਼ਦੂਰ ਦਾ ਕੰਮ ਕਰਨ ਦੌਰਾਨ ਭਾਖੜਾ ਨਹਿਰ ’ਚ ਡਿੱਗ ਗਿਆ। ਜਾਣਕਾਰੀ ਅਨੁਸਾਰ ਪਿੰਡ ਕੁਸਲਾ ਦੇ ਮਨਰੇਗਾ ਮਜ਼ਦੂਰਾਂ ਵੱਲੋ ਭਾਖੜਾ ਨਹਿਰ ਦੇ ਕਿਨਾਰਿਆਂ ਦੀ ਸਫਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਮੰਦਰ ਸਿੰਘ (40) ਪੁੱਤਰ ਕਰਪਾਲ ਸਿੰਘ ਦਾ ਅਚਾਨਕ ਪੈਰ ਤਿਲਕਣ ਕਾਰਨ ਉਹ ਭਾਖੜਾ ਨਹਿਰ ’ਚ ਜਾ ਡਿੱਗਿਆ ਤੇ ਪਾਣੀ ਵਿਚ ਡੁੱਬ ਗਿਆ। ਥਾਣਾ ਜੌੜਕੀਆਂ ਦੀ ਪੁਲੀਸ ਨੇ ਥਾਣਾ ਮੁਖੀ ਕਰਮਜੀਤ ਕੌਰ ਦੀ ਅਗਵਾਈ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਭਾਲ ਸ਼ੁਰੂ ਕੀਤੀ। ਖ਼ਬਰ ਲਿਖੇ ਜਾਣ ਤੱਕ ਮੰਦਰ ਸਿੰਘ ਦੀ ਲਾਸ਼ ਲੱਭੀ ਜਾ ਰਹੀ। ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਕਮੇਟੀ ਮੈਂਬਰ ਗੁਰਮੀਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਜੋਖਮ ਵਾਲੀਆਂ ਥਾਵਾਂ ’ਤੇ ਮਨਰੇਗਾ ਮਜਦੂਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਆਖਿਆ ਕਿ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।