ਜਸਵੰਤ ਜੱਸ
ਫ਼ਰੀਦਕੋਟ, 6 ਜੂਨ
ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ, ਜਿਸ ਕਰਕੇ ਮਰੀਜ਼ ਕਾਫੀ ਪ੍ਰੇਸ਼ਾਨ ਹਨ। ਹੈਪੀ ਬਰਾੜ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਫਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਆਯੂਸ਼ਮਾਨ ਸਿਹਤ ਸਕੀਮ ਪੂਰੀ ਤਰ੍ਹਾਂ ਅਸਫਲ ਹੋ ਗਈ ਹੈ ਅਤੇ ਇਸ ਸਕੀਮ ਤਹਿਤ ਮਰੀਜ਼ਾਂ ਨੂੰ ਜੋ ਦਵਾਈਆਂ ਹਸਪਤਾਲਾਂ ਵਿੱਚ ਮਿਲਣੀਆਂ ਚਾਹੀਦੀਆਂ ਸੀ, ਉਹ ਬਿਲਕੁਲ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਅਤਿ ਦੀ ਗਰਮੀ ਦੇ ਬਾਵਜੂਦ ਸਰਕਾਰੀ ਹਸਪਤਾਲਾਂ ਵਿੱਚ ਪੀਣ ਯੋਗ ਠੰਢੇ ਪਾਣੀ, ਪੱਖੇ ਅਤੇ ਏਅਰ ਕੰਡੀਸ਼ਨਰਾਂ ਦੀ ਵੀ ਵੱਡੀ ਘਾਟ ਹੈ।
ਸ਼ਿਕਾਇਤ ਮਿਲਣ ’ਤੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਹਸਪਤਾਲ ਪਹੁੰਚੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਸਿਵਲ ਹਸਪਤਾਲ ਫਰੀਦਕੋਟ ਅਤੇ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਫ਼ਤ ਦਵਾਈਆਂ ਦੇਣ ਲਈ ਬਣਾਏ ਗਏ ਕਾਊਂਟਰਾਂ ਉੱਪਰ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਦੇਣ ਲਈ ਹਸਪਤਾਲ ਵਿੱਚ ਕਾਊਂਟਰ ਬਣਾਏ ਗਏ ਹਨ ਪ੍ਰੰਤੂ ਇਨ੍ਹਾਂ ਕਾਊਂਟਰਾਂ ਉੱਪਰ ਮਰੀਜ਼ਾਂ ਨੂੰ ਸਮੇਂ ਸਿਰ ਦਵਾਈਆਂ ਨਹੀਂ ਦਿੱਤੀਆਂ ਜਾਂਦੀਆਂ ਅਤੇ ਟਾਲ ਮਟੋਲ ਕੀਤੀ ਜਾਂਦੀ ਹੈ। ਜਿਸ ਕਰਕੇ ਮਰੀਜ਼ਾਂ ਨੂੰ ਮਜਬੂਰੀ ਵਿਚ ਹਸਪਤਾਲ ਦੇ ਬਾਹਰੋਂ ਪ੍ਰਾਈਵੇਟ ਦੁਕਾਨਾਂ ਤੋਂ ਮਹਿੰਗੇ ਮੁੱਲ ਦੀਆਂ ਦਵਾਈਆਂ ਖਰੀਦਣੀਆਂ ਪੈ ਰਹੀਆਂ ਹਨ। ਵਿਧਾਇਕ ਨੇ ਮੌਕੇ ‘ਤੇ ਹੀ ਇਸ ਬਾਰੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਅਤੇ ਮੈਡੀਕਲ ਸੁਪਰਡੈਂਟ ਡਾ. ਸੁਲੇਖ ਮਿੱਤਲ ਨਾਲ ਗੱਲਬਾਤ ਕੀਤੀ ਅਤੇ ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਕਿਹਾ।
ਕੀ ਕਹਿੰਦੇ ਨੇ ਵਾਈਸ ਚਾਂਸਲਰ
ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਅਤੇ ਜਲਦ ਹੀ ਸਾਰੀਆਂ ਘਾਟਾਂ ਦੂਰ ਹੋ ਜਾਣਗੀਆਂ।
ਵਿਧਾਇਕ ਵੱਲੋਂ ਸਿਵਲ ਹਸਪਾਲ ਭਦੌੜ ਦਾ ਦੌਰਾ
ਭਦੌੜ (ਰਾਜਿੰਦਰ ਵਰਮਾ): ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਅੱਜ ਸਿਵਲ ਹਸਪਤਾਲ ਭਦੌੜ ਦਾ ਦੌਰਾ ਕੀਤਾ। ਇਸ ਮੌਕੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਹਸਪਤਾਲ ਦੇ ਸਟਾਫ ਨਾਲ ਮੀਟਿੰਗ ਕਰਦਿਆਂ ਹਸਪਤਾਲ ਦੀਆਂ ਮੁੱਢਲੀਆਂ ਸਮੱਸਿਆਵਾਂ ਦੀ ਜਾਣਕਾਰੀ ਲਈ। ਇਥੇ ਦੱਸਣਾ ਬਣਦਾ ਹੈ ਕਿ ਹਸਪਤਾਲ ਦੀ ਬਿਲਡਿੰਗ ਤਾਂ ਕਰੋੜਾਂ ਰੁਪਏ ਲਗਾ ਕੇ ਬਹੁਤ ਵਧੀਆ ਬਣਾਈ ਗਈ ਹੈ ਪ੍ਰੰਤੂ ਇਥੇ ਡਾਕਟਰਾਂ ਦੀ ਘਾਟ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ। ਹੁਣ ਵੀ ਇੱਥੇ ਕੁਝ ਡਾਕਟਰ ਡੈਪੂਟੇਸ਼ਨ ’ਤੇ ਆਏ ਹੋਏ ਸਨ ਜੋ ਪੰਜਾਬ ਸਰਕਾਰ ਨੇ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੇ ਹਨ ਅਤੇ ਹੁਣ ਹਸਪਤਾਲ ’ਚ ਸਿਰਫ ਦੋ ਡਾਕਟਰ ਹੀ ਰਹਿ ਗਏ ਹਨ। ਵਿਧਾਇਕ ਉੱਗੋਕੇ ਨੇ ਹਸਪਤਾਲ ਦਾ ਦੌਰਾ ਕਰਨ ਸਮੇਂ ਕਿਹਾ ਕਿ ਉਹ ਮੁੱਖ ਮੰਤਰੀ ਕੋਲ ਹਸਪਤਾਲ ’ਚ ਡਾਕਟਰਾਂ ਦੀ ਘਾਟ ਦਾ ਮੁੱਦਾ ਰੱਖਣਗੇ ਅਤੇ ਜਲਦ ਹੀ ਹਸਪਤਾਲ ’ਚ ਡਾਕਟਰਾਂ ਦੀ ਘਾਟ ਪੂਰੀ ਕੀਤੀ ਜਾਵੇਗੀ। ਇਸ ਮੌਕੇ ਸੀਨੀਅਰ ਆਗੂ ਮੋਨੂੰ ਸ਼ਰਮਾ, ਅਮਨਦੀਪ ਸਿੰਘ, ਰਾਜਿੰਦਰ ਕਾਲਾ ਸਿੱਧੂ, ਗੁਰਪ੍ਰੀਤ ਗਿੱਲ ਤੋਂ ਇਲਾਵਾ ਸਟਾਫ ਨਰਸ ਮਨਜੀਤ ਕੌਰ, ਖੁਸ਼ਦੇਵ ਬਾਂਸਲ ਹਾਜ਼ਰ ਸੀ।