ਟ੍ਰਬਿਿਉਨ ਨਿਊਜ਼ ਸਰਵਿਸ
ਕੋਟਕਪੂਰਾ, 3 ਜਨਵਰੀ
ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪ੍ਰਸ਼ਾਸਨ ਨੂੰ ਅਗਲੇ ਚਾਰ ਦਿਨਾਂ ਦਾ ਅਲਟੀਮੇਟ ਦਿੰਦਿਆਂ ਪੰਜ ਜਨਵਰੀ ਤੱਕ ਕੋਟਕਪੂਰਾ-ਫ਼ਰੀਦਕੋਟ ਰੋਡ ’ਤੇ ਉਸਾਰੇ ਗਏ ਫਲਾਈਓਵਰ ਨੂੰ ਆਮ ਲੋਕਾਂ ਲਈ ਖੋਲ੍ਹਣ ਲਈ ਆਖਿਆ। ਵਿਧਾਇਕ ਨੇ ਚਿਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਅਜਿਹਾ ਨਾ ਕੀਤਾ ਤਾਂ 5 ਜਨਵਰੀ ਤੋਂ ਬਾਅਦ ਲੋਕ ਖੁਦ ਇਸ ਪੁਲ ਨੂੰ ਚਾਲੂ ਕਰ ਦੇਣਗੇ।
ਵਿਧਾਇਕ ਦਾ ਤਰਕ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਾਂ ਦੀਆਂ ਵੋਟਾਂ ਬਟੋਰਨ ਦੇ ਮਕਸਦ ਨਾਲ ਹਫ਼ੜਾ-ਦਫ਼ੜੀ ਵਿੱਚ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਤੇ ਉਸ ਸਮੇਂ ਡੇਢ ਸਾਲ ਵਿੱਚ ਇਸ ਦਾ ਨਿਰਮਾਣ ਕਾਰਜ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਤਿੰਨ ਸਾਲ ਵਿਚ ਇਸ ਦਾ ਨਿਰਮਾਣ ਕਾਰਜ ਮੁਕੰਮਲ ਹੋਇਆ। ਵਿਧਾਇਕ ਅਨੁਸਾਰ ਆਮ ਲੋਕਾਂ ਨੂੰ ਕੋਟਕਪੂਰਾ-ਫ਼ਰੀਦਕੋਟ ਆਉਣ ਜਾਣ ਵਾਸਤੇ 4 ਕਿਲੋਮੀਟਰ ਵੱਧ ਸਫ਼ਰ ਤੈਅ ਕਰਨਾ ਪੈ ਰਿਹਾ ਹੈ।