ਭੁੱਚੋ ਮੰਡੀ (ਪਵਨ ਗੋਇਲ) ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿੱਚ ਨਸ਼ਿਆਂ ਵਿਰੁੱਧ 19 ਦਿਨਾਂ ਤੋਂ ਚੱਲ ਰਹੇ ਮੋਰਚੇ ਵਿੱਚ ਅੱਜ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਤੇ ਪਿੰਡ ਵਾਸੀਆਂ ਨੇ ਵਿਧਾਇਕ ਵੱਲੋਂ ਮੋਰਚਾ ਸਮਾਪਤ ਕਰਵਾਏ ਜਾਣ ਦੇ ਕੀਤੇ ਐਲਾਨ ਨੂੰ ਗੁੰਮਰਾਹਕੁਨ ਕਰਾਰ ਦਿੰਦਿਆਂ ਮੋਰਚੇ ਨੂੰ ਉਸੇ ਤਰ੍ਹਾਂ ਜਾਰੀ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਪੰਜਾਬ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਸਿਮਰਜੀਤ ਸਿੰਘ, ਅਜਮੇਰ ਸਿੰਘ, ਭੋਲਾ ਸਿੰਘ ਤੇ ਸੁਖਜੀਤ ਕੌਰ ਨੇ ਕਿਹਾ ਕਿ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਅੱਜ ਸਵੇਰੇ ਐੱਸਐੱਚਓ ਜਗਦੀਪ ਸਿੰਘ ਤੇ ਚੌਕੀ ਇੰਚਾਰਜ਼ ਪਰਬਤ ਸਿੰਘ ਨਾਲ ਮੋਰਚੇ ਵਿੱਚ ਆਏ ਤੇ ਆਪਣੇ ਰਸੂਖ ਵਾਲੇੇ ਕੁਝ ਕੁ ਸਾਧਾਰਨ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਮੋਰਚਾ ਸਮਾਪਤ ਕਰਨ ਦਾ ਐਲਾਨ ਕਰਵਾ ਦਿੱਤਾ। ਉਸ ਮੌਕੇ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਤੇ ਹੋਰ ਆਗੂ ਮੋਰਚੇ ’ਚ ਸ਼ਾਮਲ ਨਹੀਂ ਸਨ। ਔਰਤਾਂ ਨੇ ਵੀ ਇਸ ਐਲਾਨ ਦਾ ਵਿਰੋਧ ਕੀਤਾ। ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਹੋਰ ਵੱਡਾ ਇਕੱਠ ਕੀਤਾ ਤੇ ਵਿਧਾਇਕ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਮੋਰਚਾ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਸਬੰਧੀ ਚੌਕੀ ਇੰਚਾਰਜ਼ ਪਰਬਤ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਹੀ ਵਿਧਾਇਕ ਨੂੰ ਮੋਰਚੇ ਬੁਲਾਇਆ ਸੀ ਤੇ ਐੱਸਐੱਚਓ ਜਗਦੀਪ ਸਿੰਘ ਨੇ ਪਿੰਡ ਵਿੱਚ ਗਸ਼ਤ ਵਧਾਉਣ ਤੇ ਨਸ਼ਾ ਤਸਕਰਾਂ ’ਤੇ ਨਜ਼ਰ ਰੱਖਣ ਦਾ ਭਰੋਸਾ ਦਿੱਤਾ ਸੀ।