ਪੱਤਰ ਪ੍ਰੇਰਕ
ਭਗਤਾ ਭਾਈ, 17 ਮਾਰਚ
ਹਲਕਾ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪ੍ਰੈਸ ਬਿਆਨ ਰਾਹੀਂ ਪਾਰਟੀ ਵਰਕਰਾਂ ਨੂੰ ਜ਼ਾਬਤੇ ’ਚ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਸਰਕਾਰੀ ਦਫਤਰਾਂ ਅਤੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨਾਲ ਨਾ ਉਲਝਿਆ ਜਾਵੇ। ਜਿਥੇ ਵੀ ਕੋਈ ਘਾਟ ਲੱਗਦੀ ਹੈ ਜਾਂ ਕੋਈ ਕਰਮਚਾਰੀ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ ਤਾਂ ਉਸ ਦੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਤੇ ਕਾਨੂੰਨੀ ਅਨੁਸਾਰ ਵਿਭਾਗੀ ਕਾਰਵਾਈ ਕਰਕੇ ਸਿਸਟਮ ਵਿੱਚ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ‘ਆਪ’ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਕਿਸਮ ਦਾ ਝਗੜਾ ਜਾਂ ਬੋਲ ਬੁਲਾਰਾ ਨਾ ਕਰਨ ਜਿਸ ਨਾਲ ਸਰਕਾਰ ਤੇ ਪਾਰਟੀ ਦੀ ਛਵੀ ਖ਼ਰਾਬ ਹੋਵੇ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਅਤੇ ਕੁਝ ਸ਼ਰਾਰਤੀ ਅਨਸਰ ਮੌਕੇ ਦੀ ਤਾਕ ਵਿਚ ਹਨ ਕਿ ਕਦੋਂ ਕੋਈ ਗਲਤੀ ਹੋਵੇ ਤੇ ਆਪ ਦੀ ਸਰਕਾਰ ਦਾ ਭੰਡੀ ਪ੍ਰਚਾਰ ਸ਼ੁਰੂ ਕਰੀਏ। ਬਲਕਾਰ ਸਿੱਧੂ ਨੇ ਕਿਹਾ, ‘‘ਸਾਨੂੰ ਬਹੁਤ ਹੀ ਜ਼ਾਬਤੇ ’ਚ ਰਹਿ ਕੇ ਤੇ ਦੂਰਅੰਦੇਸ਼ੀ ਸੋਚ ਨਾਲ ਚੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣਾ ਕੰਮ ਕਰਨ ਦਿਓ, ਕੁਝ ਸਮਾਂ ਜ਼ਰੂਰ ਲੱਗੇਗਾ ਪਰ ਸਭ ਕੁੱਝ ਠੀਕ ਹੋ ਜਾਵੇਗਾ। ਬਲਕਾਰ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਖੁਸ਼ਹਾਲ ਪੰਜਾਬ ਬਣਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਹਿਯੋਗ ਦਿਓ।
ਸਹੁੰ ਚੁੱਕਣ ਤੋਂ ਬਾਅਦ ਹਲਕਾ ਵਾਸੀਆਂ ਦਾ ਕੀਤਾ ਧੰਨਵਾਦ
ਰਾਮਪੁਰਾ ਫੂਲ (ਨਿੱਜੀ ਪੱਤਰ ਪ੍ਰੇਰਕ): ਹਲਕਾ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਚੰਡੀਗੜ੍ਹ ਵਿਖੇ ਰਾਮਪੁਰਾ ਫੂਲ ਹਲਕੇ ਦੇ ਵਿਧਾਇਕ ਵਜੋਂ ਰਸਮੀ ਤੌਰ ਤੇ ਸਹੁੰ ਚੁੱਕਣ ਤੋਂ ਬਾਅਦ ਇੱਕ ਪ੍ਰੈਸ ਬਿਆਨ ਰਾਹੀ ਹਲਕਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਲਕੇ ਦੀ ਤਾਣੀ ਪਿਛਲੇ ਲੰਮੇ ਸਮੇਂ ਤੋਂ ਦੋਵਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਉਲਝਾ ਦਿੱਤੀ ਹੈ ਜਿਸ ਨੂੰ ਠੀਕ ਕਰਨ ਲਈ ਥੋੜ੍ਹਾ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਉਹ ਛੇਤੀ ਰੁਝੇਵਿਆਂ ਤੋ ਵਿਹਲੇ ਹੋ ਕੇ ਹਲਕੇ ਦੇ ਪਿੰਡਾਂ ਦੀਆਂ ਸਮੱਸਿਆਵਾਂ, ਸਰਕਾਰੀ ਦਫ਼ਤਰਾਂ ਤੇ ਵੱਖ ਵੱਖ ਵਿਭਾਗਾਂ ਵਿਚ ਹੁੰਦੀ ਆਮ ਆਦਮੀ ਦੀ ਖੱਜਲ ਖੁਆਰੀ ਨੂੰ ਛੇਤੀ ਹੀ ਬੰਦ ਕਰਵਾਉਣਗੇ ਜਿਥੇ ਸਾਰਿਆ ਦੇ ਬਿਨਾਂ ਭੇਦਭਾਵ ਤੋ ਕੰਮ ਹੋਣਗੇ।