ਪੱਤਰ ਪ੍ਰੇਰਕ
ਟੱਲੇਵਾਲ, 13 ਅਕਤੂਬਰ
ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਮਾਰਕੀਟ ਕਮੇਟੀ ਭਦੌੜ ਅਧੀਨ ਆਉਂਦੇ ਪਿੰਡ ਚੂੰਘਾਂ ਵਿੱਚ ਝੋਨੇ ਦੀ ਫ਼ਸਲ ਦੀ ਬੋਲੀ ਕਰਵਾਈ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਦੀ ਆਮਦ ਨੂੰ ਲੈ ਕੇ ਮੰਡੀਆਂ ਵਿੱਚ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਪੁਖ਼ਤਾ ਪ੍ਰਬੰਧ ਕਰਨ ਦੇ ਹੁਕਮ ਹਨ। ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਵੀ ਨਾਲੋਂ ਨਾਲ ਭੇਜੀ ਜਾ ਰਹੀ ਹੈ। ਇਸ ਮੌਕੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪੀਏ ਬਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੇ ਝੋਨੇ ਦਾ ਦਾਣਾ-ਦਾਣਾ ਖ਼ਰੀਦੇਗੀ।
ਵਿਧਾਇਕ ਨੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ
ਤਪਾ ਮੰਡੀ (ਪੱਤਰ ਪ੍ਰੇਰਕ): ਵਿਧਾਇਕ ਲਾਭ ਸਿੰਘ ਉਗੋਕੇ ਨੇ ਅੱਜ ਬਾਜ਼ਾਰਾਂ ’ਚ ਘੁੰਮ ਫਿਰ ਕੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ। ਦੁਕਾਨਦਾਰਾਂ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਅਫਸਰਸ਼ਾਹੀ ’ਤੇ ਛਾਪਿਆਂ ਅਤੇ ਹੋਰ ਕਈ ਤਰ੍ਹਾਂ ਦੇ ਡਰਾਵੇ ਦੇ ਕੇ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਉਠਾਇਆ। ਵਿਧਾਇਕ ਉਗੋਕੇ ਨੇ ਕਿਹਾ ਕਿ ਦੁਕਾਨਦਾਰ ਨਿਸ਼ਚਿਤ ਹੋ ਕੇ ਆਪਣਾ ਕਾਰੋਬਾਰ ਕਰਨ ਅਤੇ ਸਰਕਾਰ ਦੀਆਂ ਹਦਾਇਤਾਂ ’ਤੇ ਅਮਲ ਕਰਨ। ਭਗਵੰਤ ਮਾਨ ਦੀ ਸਰਕਾਰ ਹਮੇਸ਼ਾ ਵਪਾਰੀਆਂ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਕਰਿਆਨਾ ਐਸੋਸੀਏਸ਼ਨ ਦੇ ਭੂਸ਼ਨ ਘੜੈਲਾ ਨੇ ਵਿਧਾਇਕ ਅੱਗੇ ਦੁਕਾਨਦਾਰਾਂ ਦੇ ਮਾਮਲੇ ਉਠਾਏ, ਜਿਨ੍ਹਾਂ ’ਚੋਂ ਕਾਫੀ ਮੌਕੇ ’ਤੇ ਹੀ ਹੱਲ ਕੀਤੇ ਗਏ। ਬਾਕੀ ਸਮੱਸਿਆਵਾਂ ਨੂੰ ਛੇਤੀ ਹੱਲ ਕਰਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦੁਕਾਨਦਾਰ ਨੂੰ ਤੰਗ ਪ੍ਰੇਸ਼ਾਨ ਨਾ ਕਰਨ ਦਾ ਭਰੋਸਾ ਦਿੱਤਾ।