ਮਲਕੀਤ ਸਿੰਘ ਟੋਨੀ ਛਾਬੜਾ
ਜਲਾਲਾਬਾਦ, 3 ਨਵੰਬਰ
ਇਥੇ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਪਿੰਡਾਂ ਵਿੱਚ ਵਿਕਾਸ ਦੀ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੱਜ ਕਰੀਬ ਦੋ ਕਰੋੜ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ । ਮੁਹਿੰਮ ਦੇ ਤਹਿਤ ਪਿੰਡ ਜੋਧਾ ਭੈਣੀ ਵਿੱਚ ਸਾਬਕਾ ਚੇਅਰਮੈਨ ਕੰਵਲ ਧੂੜੀਆ ਦੇ ਯਤਨਾਂ ਸਦਕਾ 20 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ 11 ਲੱਖ ਰੁਪਏ ਦੀ ਗ੍ਰਾਂਟ ਗਲੀਆਂ, ਨਾਲੀਆਂ ਲਈ ਵਿਧਾਇਕ ਵੱਲੋਂ ਦਿੱਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਦੱਸਿਆ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਵਿਕਾਸ ਦੀ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਪਹਿਲਾਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਅਤੇ ਹੁਣ ਪਿੰਡਾਂ ਵਿਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਪਿਛਲੇ ਦੋ ਦਿਨਾਂ ਵਿੱਚ 5 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ ਹਨ। ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਣ ਦੌਰਾਨ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਪਹਿਲਾਂ ਕੰਵਲ ਧੂੜੀਆ ਦੇ ਫਾਰਮ ਹਾਊਸ ਅਤੇ ਬਾਅਦ ਵਿੱਚ ਸਾਬਕਾ ਸਰਪੰਚ ਬਿੱਲੂ ਸਿੰਘ ਦੇ ਨਿਵਾਸ ਸਥਾਨ ਤੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਪਿੰਡ ਦਾ ਇੱਕ ਵੀ ਕੰਮ ਬਕਾਇਆ ਨਹੀਂ ਰਹਿਣ ਦਿੱਤਾ ਜਾਵੇਗਾ।