ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 3 ਨਵੰਬਰ
ਇੱਥੋਂ ਦੇ ਵਿਧਾਇਕ ਤੇ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਫ਼ਰੀਦਕੋਟ ਵਾਸੀਆਂ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਦੀਵਾਲੀ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਲਈ ਵੱਖ-ਵੱਖ ਵਿਕਾਸ ਕਾਰਜਾਂ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਸਰਕਾਰੀ ਜ਼ਮੀਨ ਤੇ ਕਾਬਜ਼ ਗ਼ਰੀਬ ਪਰਿਵਾਰਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦੇਣ, ਨਗਰ ਕੌਂਸਲ ਦੀਆਂ ਦੁਕਾਨਾਂ ’ਤੇ ਕਈ ਸਾਲਾਂ ਤੋਂ ਕਾਬਜ਼ ਦੁਕਾਨਦਾਰਾਂ ਨੂੰ ਦੁਕਾਨਾਂ ਦੇ ਮਾਲਕ ਬਣਾਉਣ, ਨਗਰ ਕੌਂਸਲ ਦੇ ਠੇਕੇ ਤੇ ਰੱਖੇ ਸਫਾਈ ਸੇਵਕਾਂ ਨੂੰ ਨਗਰ ਕੌਂਸਲ ਅਧੀਨ ਲਿਆਉਣ ਸਮੇਤ ਵੱਡੀ ਗਿਣਤੀ ਵਿੱਚ ਸੌਗਾਤਾਂ ਦਿੱਤੀਆਂ ਹਨ। ਨਗਰ ਕੌਂਸਲ ਦਫਤਰ ਵਿੱਚ ਸਮਾਗਮ ਦੌਰਾਨ ਸ੍ਰੀ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦਾ ਇੱਕੋ ਇੱਕ ਮਕਸਦ ਫ਼ਰੀਦਕੋਟ ਹਲਕੇ ਦਾ ਚਹੁੰਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਵਿੱਚ 150 ਕਰੋੜ ਦੀ ਲਾਗਤ ਨਾਲ ਸੀਵਰੇਜ, ਇੰਟਰਲਾਕਿੰਗ ਟਾਈਲਾਂ, ਪੀਣ ਵਾਲੇ ਪਾਣੀ ਆਦਿ ਦੇ ਕੰਮ ਜੰਗੀ ਪੱਧਰ ’ਤੇ ਚੱਲ ਰਹੇ ਹਨ। ਇਸ ਮੌਕੇ ਵਿਧਾਇਕ ਨੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀ ਖੁਸ਼ੀ ਵਿੱਚ ਤੋਹਫੇ ਵੀ ਵੰਡੇ. ਇਸ ਮੌਕੇ ਡਾਇਰੈਕਟਰ ਸੁਰਜੀਤ ਸਿੰਘ ਢਿੱਲੋਂ, ਨਵਦੀਪ ਸਿੰਘ ਬੱਬੂ ਬਰਾੜ, ਨਰਿੰਦਰਪਾਲ ਸਿੰਘ ਨਿੰਦਾ ਹਾਜ਼ਰ ਸਨ।