ਖੇਤਰੀ ਪ੍ਰਤੀਨਿਧ
ਬਰਨਾਲਾ, 14 ਜੂਨ
‘ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਰਵਾਇਤੀ ਪਾਰਟੀਆਂ ਦੇ ਸਤਾਏ ਲੋਕਾਂ ਵੱਲੋਂ ਆਪਣੀ ਸਮਝ ਸੋਚ ਨਾਲ ਪੰਜਾਬ ਦੇ ਹਿੱਤਾਂ ਦੀ ਰਾਖੀ ਤੇ ਲੋਕਾਂ ਦੀ ਭਲਾਈ ਲਈ ਦਿੱਤਾ ਦਿਲ ਖੋਲ੍ਹਵਾਂ ਫ਼ਤਵਾ ਮੌਜੂਦਾ ਜ਼ਿਮਨੀ ਚੋਣ ਦੌਰਾਨ ਵੀ ਨਾ ਸਿਰਫ਼ ਬਰਕਰਾਰ ਰਹੇਗਾ ਬਲਕਿ ਸਰਕਾਰ ਦੇ ਕੰਮਾਂ ਦੇ ਤਿਮਾਹੀ ਸੋਸ਼ਲ ਆਡਿਟ ’ਤੇ ਵੀ ਮੋਹਰ ਹੋਵੇਗਾ।’ ਇਹ ਪ੍ਰਗਟਾਵਾ ਸੰਗਰੂਰ ਸੰਸਦੀ ਹਲਕੇ ਤੋਂ ਚੋਣ ਲੜ ਰਹੇ ‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਇੱਥੇ ਪੁੱਜੇ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਕੀਤਾ। ਇੱਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਪੱਪੀ ਨੇ ਸਰਕਾਰੀ ਵਿਭਾਗਾਂ ’ਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਸਵਾਲ ਦਾ ਜੁਆਬ ਦਿੰਦਿਆਂ ਕਿਹਾ ਕਿ ਕਰੀਬ ਪੌਣੀ ਸਦੀ ਦੇ ਸਮੇਂ ਤੋਂ ਜੜ੍ਹਾਂ ਫੈਲਾਈ ਬੈਠੀ ਇਸ ਬਿਮਾਰੀ ਦੇ ਪੱਕੇ ਇਲਾਜ ’ਚ ਮੁੱਖ ਮੰਤਰੀ ਭਗਵੰਤ ਮਾਨ ਪਹਿਲੇ ਦਿਨੋਂ ਜੁੱਟ ਚੁੱਕੇ ਹਨ। ਇਸ ਮਸਲੇ ’ਤੇ ਉਨ੍ਹਾਂ ਦੀ ਜ਼ੀਰੋ ਟੌਲਰੈਂਸ ਆਪਣੇ ਨਜ਼ਦੀਕੀ ਕੈਬਨਿਟ ਸਾਬਕਾ ਸਿਹਤ ਮੰਤਰੀ ਖਿਲਾਫ਼ ਕੀਤੀ ਕਾਰਵਾਈ ਤੋਂ ਸਾਫ਼ ਹੈ। ਲੋਕਾਂ ਵੱਲੋਂ ਦਿੱਤੇ ਸਮੇਂ ’ਚ ਸੂਬੇ ਨੂੰ ਦੇਸ਼ ਦਾ ਮਾਡਲ ਸੂਬਾ ਬਣਾਉਣ ਨੂੰ ਉਨ੍ਹਾਂ ਮੁੱਖ ਮੰਤਰੀ ਮਾਨ ਦਾ ਮੁੱਖ ਉਦੇਸ਼ ਤੇ ਸੁਪਨਾ ਦੱਸਿਆ। ਇਸੇ ਤਰ੍ਹਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਅਗਲੇਰਾ ਪ੍ਰਧਾਨ ਮੰਤਰੀ ਬਿਆਨਿਆ। ਉਨ੍ਹਾਂ ‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸੰਜੀਵ ਸੂਦ ਮਿੰਟਾ, ਕੇ ਸੂਦ, ਅੰਕੁਰ, ਕੌਂਸਲਰ ਬੰਟੀ ਸ਼ੀਤਲ ਤੇ ਕੈਪਟਨ ਸੁਖਦੇਵ ਸਿੰਘ ਹਾਜ਼ਰ ਸਨ।