ਇਕਬਾਲ ਸਿੰਘ ਸ਼ਾਂਤ
ਲੰਬੀ, 8 ਅਪਰੈਲ
ਹਲਕਾ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਅੱਜ ਮੰਡੀ ਕਿੱਲਿਆਂਵਾਲੀ ਵਿਖੇ ਦਾਣਾ ਮੰਡੀ ’ਚ ਕਣਕ ਖਰੀਦ ਦਾ ਆਗਾਜ਼ ਕਰਨ ਪੁੱਜੇ। ਇਸ ਮੌਕੇ ਆੜ੍ਹਤੀਆਂ ਨੇ ਉਨ੍ਹਾਂ ਮੂਹਰੇ ਸਮਸਿਆਵਾਂ ਦਾ ਅੰਬਾਰ ਲਗਾ ਦਿੱਤਾ। ਆੜ੍ਹਤੀਆਂ ਨੇ ਦਾਣਾ ਮੰਡੀ ਦੀ ਚਾਰਦੀਵਾਰੀ ਅਤੇ ਕਣਕ ਦੀ ਚੋਰੀ ਨੂੰ ਰੋਕਣ ਖਾਤਰ ਗੇਟ ਆਦਿ ਲਗਵਾਉਣ ਦੀ ਮੰਗ ਕੀਤੀ।
ਇਸ ਤੋਂ ਇਲਾਵਾ 24 ਘੰਟੇ ਬਿਜਲੀ ਸਪਲਾਈ ਲਈ ਵੱਡਾ ਟਰਾਂਸਫਾਰਮਰ ਸਮੇਤ ਹੋਰਨਾਂ ਮੰਗੀਆਂ ਰੱਖੀਆਂ। ਵਿਧਾਇਕ ਨੇ ਸਮੁੱਚੀਆਂ ਮੰਗਾਂ ਬਾਰੇ ਨੀਤੀਗਤ ਹੱਲ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਕਿਸਾਨਾਂ ਦੀ ਖੱਜਲ-ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਦਾਣਾ-ਦਾਣਾ ਖਰੀਦਿਆ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਸ਼ਮਸ਼ੇਰ ਸਿੰਘ ਨੇ ਦਾਣਾ ਮੰਡੀ ’ਚ ਨਾਜਾਇਜ਼ ਬਾਹਰੀ ਆਵਾਜਾਈ ਦਾ ਜ਼ਰੀਆ ਬਣ ਰਹੀਆਂ ਅਣਉਸਾਰੀਆਂ 3-4 ਦੁਕਾਨਾਂ ਦੀ ਸ਼ਨਾਖ਼ਤ ਕੀਤੀ। ਸਕੱਤਰ ਨੇ ਕਿਹਾ ਕਿ ਦੁਕਾਨ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਹਾਲ ਦੀ ਘੜੀ ਤਾਰਬੰਦ ਕੀਤੀ ਜਾਵੇਗੀ। ਵਿਧਾਇਕ ਖੁੱਡੀਆਂ ਇੱਥੇ ਮਿੱਥੇ ਸਮੇਂ ਤੋਂ ਕਾਫ਼ੀ ਦੇਰੀ ਨਾਲ ਪੁੱਜੇ ਸਨ। ਇਸ ਮੌਕੇ ਸੀਨੀਅਰ ਆਗੂ ਬਲਰਾਜ ਸਿੰਘ ਮਾਹੂਆਣਾ, ਮਾਰਕੀਟ ਚੇਅਰਮੈਨ ਰਛਪਾਲ ਸਿੰਘ, ਦਰਸ਼ਨ ਸਿੰਘ ਵੜਿੰਗਖੇੜਾ, ਗੁਰਲਾਲ ਸਿੰਘ ਵੜਿੰਗ, ਆੜਤੀਆ ਆਗੂ ਗੁਰਪਿਆਸ ਸਿੰਘ ਨੰਬਰਦਾਰ, ਹੈਪੀ ਬੀਦੋਵਾਲੀ ਅਤੇ ਗੁਰਟੇਕ ਖਿਉਵਾਲੀ ਸਮੇਤ ਹੋਰ ਵਿਅਕਤੀ ਮੌਜੂਦ ਸਨ।