ਹਰਮੇਸ਼ ਪਾਲ ਨੀਲੇਵਾਲਾ
ਜ਼ੀਰਾ, 15 ਮਾਰਚ
ਵਿਧਾਇਕ ਨਰੇਸ਼ ਕਟਾਰੀਆ ਨੇ ਮੱਖੂ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਨਸ਼ਾ ਤਸਕਰਾਂ, ਰੇਤ ਮਾਫੀਆ ਅਤੇ ਸੱਟੇਬਾਜ਼ਾਂ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਉਹ ਇੱਕ ਹਫ਼ਤੇ ਦੇ ਅੰਦਰ-ਅੰਦਰ ਆਪਣਾ ਕਾਲਾਧੰਦਾ ਬੰਦ ਕਰ ਦੇਣ ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਹਲਕੇ ਵਿਚੋਂ ਨਸ਼ਾ ਅਤੇ ਹੋਰ ਨਾਜਾਇਜ਼ ਧੰਦੇ ਬੰਦ ਕਰਵਾਉਣਗੇ ਜਿਸ ’ਤੇ ਅਮਲ ਕਰਦਿਆਂ ਉਨ੍ਹਾਂ ਨੇ ਡੀਐੱਸਪੀ ਜ਼ੀਰਾ ਸੰਦੀਪ ਸਿੰਘ ਮੰਡ, ਐੱਸਐੱਚਓ ਥਾਣਾ ਸਦਰ ਜ਼ੀਰਾ ਬਲਰਾਜ ਸਿੰਘ, ਐੱਸਐੱਚਓ ਥਾਣਾ ਸਿਟੀ ਜ਼ੀਰਾ ਬਚਨ ਸਿੰਘ, ਐੱਸਐੱਚਓ ਮੱਖੂ ਜਸਵਿੰਦਰ ਸਿੰਘ ਬਰਾੜ ਅਤੇ ਐੱਸਐੱਚਓ ਮੱਲਾਂਵਾਲਾ ਜਤਿੰਦਰ ਸਿੰਘ ਨਾਲ ਮੀਟਿੰਗ ਕਰਕੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਮ ਦੀ ਘਟਨਾ ਕਿਸੇ ਵਿਅਕਤੀ ਦੇ ਧਿਆਨ ਵਿਚ ਆਉਂਦੀ ਹੈ ਤਾਂ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਜਾਵੇ ਅਤੇ ਜੇਕਰ ਪੁਲੀਸ ਕਾਰਵਾਈ ਨਹੀਂ ਕਰਦੀ ਤਾਂ ਉਨ੍ਹਾਂ ਦੇ ਨੋਟਿਸ ਵਿੱਚ ਲਿਆਂਦਾ ਜਾਵੇ ਤਾਂ ਜੋ ਅਧਿਕਾਰੀ ਦੀ ਜਵਾਬਦੇਹੀ ਤੈਅ ਕੀਤੀ ਜਾਵੇ।