ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 7 ਜੁਲਾਈ
ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਸ਼ਹਿਰ ਦੀ ਸੀਵਰੇਜ ਸਮੱਸਿਆ ਨੂੰ ਲੈ ਕੇ ਚੱਲ ਰਹੇ ਕੰਮਾਂ ਦੀ ਅੱਧੀ ਰਾਤ ਨੂੰ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਗਈ| ਇਸ ਦੌਰਾਨ ਜਦੋਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਵਿਧਾਇਕ ਦੇ ਆਉਣ ਦਾ ਪਤਾ ਲੱਗਾ ਤਾਂ ਐੱਸਡੀਓ ਸਮੇਤ ਜੇਈ ਮੌਕੇ ’ਤੇ ਪਹੁੰਚ ਗਏ| ਇਸ ਮੌਕੇ ਕਾਕਾ ਬਰਾੜ ਨੇ ਕਿਹਾ ਕਿ ਜਦੋਂ ਤੱਕ ਸ਼ਹਿਰ ਦੀ ਸਮੱਸਿਆ ਦਾ ਪੂਰਾ ਹੱਲ ਨਹੀਂ ਹੁੰਦਾ ਉਹ ਚੈਨ ਨਾਲ ਨਹੀਂ ਬੈਠਣਗੇ| ਉਨ੍ਹਾਂ ਦੱਸਿਆ ਕਿ ਬਾਰਸ਼ਾਂ ਤੋਂ ਪਹਿਲਾਂ ਸੀਵਰੇਜ ਪਾਈਪ ਲਾਈਨ ਦੀ ਸਫਾਈ ਦਾ ਕੰਮ ਮੁਕੰਮਲ ਕੀਤਾ ਜਾਵੇਗਾ| ਸਥਾਨਕ ਦਾਣਾ ਮੰਡੀ ਵਿੱਚ ਸੀਵਰੇਜ ਦੀ ਮੇਨ ਪਾਈਪ ਦੀ ਲਗਾਤਾਰ ਆਧੁਨਿਕ ਮਸ਼ੀਨਾਂ ਨਾਲ ਸਫਾਈ ਚੱਲ ਰਹੀ ਹੈ| ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਵਿੱਚ ਸਹਿਯੋਗ ਕਰਨ ਅਤੇ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ| ਇਸ ਮੌਕੇ ਕੌਂਸਲਰ ਜਗਮੀਤ ਸਿੰਘ ਜੱਗਾ, ਟਰੇਡ ਵਿੰਗ ਦੇ ਪ੍ਰਧਾਨ ਸੰਦੀਪ ਸ਼ਰਮਾ, ਸਾਹਿਲ ਕੁੱਬਾ, ਸੋਨੂੰ ਛਾਬੜਾ, ਸੁਨੀਲ ਕਾਲੜਾ ਅਤੇ ਅਜੈ ਕੁਮਾਰ ਡਮੋਲੀਆ ਹਾਜ਼ਰ ਸਨ|