ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਜੂਨ
ਇੱਥੋਂ ਹਾਕਮ ਧਿਰ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਅਦਾਕਾਰੀ ’ਚ ਐਂਟਰੀ ਕਰਨ ਨਾਲ ਸਿਆਸਤ ’ਚ ਨਵੀਂ ਚਰਚਾ ਛਿੜ ਗਈ ਹੈ। ਨੇੜਲੇ ਪਿੰਡਾਂ ’ਚ ਫ਼ਿਲਮਾਈ ਖੇਤੀ ਆਧਾਰਤ ਲਘੂ ਫ਼ਿਲਮ ‘ਧਰਤੀ ਦਾ ਪੁੱਤ’ ਵਿੱਚ ਵਿਧਾਇਕ ਨਵੇਂ ਰੂਪ ਵਿੱਚ ਦਿਖਾਈ ਦੇਣਗੇ ਜਦੋਂ ਕਿ ਮਸ਼ਹੂਰ ਟਿੱਕ ਟੌਕ ਨੇਹਾ ਕਪੂਰ ਫ਼ਿਲਮ ’ਚ ਅਦਾਕਾਰ ਦੀ ਭੂਮਿਕਾ ਨਿਭਾਵੇਗੀ।
ਵਿਧਾਇਕ ਡਾ. ਹਰਜੋਤ ਕਮਲ ਦੇ ਸ਼ੂਟਿੰਗ ਵਿੱਚ ਹਿੱਸਾ ਲੈਣ ਉੱਤੇ ਵਿਰੋਧੀ ਪਾਰਟੀਆਂ ਨੇ ਸੋਸ਼ਲ ਮੀਡੀਆ ਉੱਤੇ ਚਰਚਾ ਸ਼ੁਰੂ ਕਰ ਦਿੱਤੀ ਜਿਸ ਦਾ ਵਿਧਾਇਕ ਨੇ ਇਹ ਪ੍ਰਚਾਰ ਕਰਨ ਉੱਤੇ ਸਵਾਗਤ ਕੀਤਾ ਹੈ। ਫਿਲਮ ਨਿਰਮਾਤਾ ਜਗਦੇਵ ਸਿੰਘ ਮਾਨ ਹਨ ਅਤੇ ਇਸ ਪ੍ਰੋਡਕਸ਼ਨ ਟੀਮ ਵਿੱਚ ‘ਦੀਆ ਬਾਤੀ’ ਤੇ ‘ਹਮ ਜੈਸੇ ਕਈ’ ਸੀਰੀਅਲ ’ਚ ਕੰਮ ਕਰ ਚੁੱਕੇ ਸ਼ਕਤੀ ਇੰਦੋਰਿਆ, ਪ੍ਰੀਤ ਅਤੇ ਰਾਜਿੰਦਰ ਸਿੰਘ ਸ਼ਾਮਲ ਹਨ।
ਨਿਰਮਾਤਾ ਮਾਨ ਨੇ ਦੱਸਿਆ ਕਿ 13 ਲੜੀਵਾਰਾਂ ਵਿੱਚ ਤਿਆਰ ਕੀਤੇ ਜਾ ਰਹੇ ਇਸ ਸੀਰੀਅਲ ਵਿੱਚ, ਪੰਜਾਬ ਦੀ ਜਵਾਨੀ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਸ ਦਿਨ ਪੰਜਾਬ ਦੇ ਗੱਭਰੂ ਲਗਜ਼ਰੀ ਵਾਹਨਾਂ ਅਤੇ ਆਧੁਨਿਕ ਹਥਿਆਰਾਂ ਦਾ ਪ੍ਰਦਰਸ਼ਨ ਕਰ ਕੇ ਉਨ੍ਹਾਂ ’ਤੇ ਮਾਣ ਕਰਨਾ ਬੰਦ ਕਰ ਦੇਣਗੇ ਅਤੇ ਆਪਣੀ ਧਰਤੀ, ਆਪਣੀ ਖੇਤੀ ਦਾ ਮਾਣ ਕਰਨਾ ਸ਼ੁਰੂ ਕਰ ਦੇਣਗੇ ਉਸ ਦਿਨ ਪੰਜਾਬ ਦੀ ਫਿਰ ਤੋਂ ਖੁਸ਼ਹਾਲੀ ਦੀ ਨਵੀਂ ਕਹਾਣੀ ਸ਼ੁਰੂ ਹੋ ਜਾਵੇਗੀ।
ਉਨ੍ਹਾਂ ਮਸ਼ਹੂਰ ਹਾਸ ਵਿਅੰਗ ਕਵੀ ਸੁਰਿੰਦਰ ਸ਼ਰਮਾ ਦੀ ਰਚਨਾ ਦਾ ਹਵਾਲਾ ਦਿੰਦਿਆਂ ਕਿਹਾ,‘ਜਦੋਂ ਤੱਕ ਅਸੀਂ ਆਪਣੇ ਕਾਰੋਬਾਰ ਦਾ ਆਦਰ ਕਰਦੇ ਹਾਂ, ਉਦੋਂ ਤੱਕ ਉਹ ਕਾਰੋਬਾਰ ਭਾਵੇਂ ਛੋਟੇ ਕਾਰੋਬਾਰ ਹੋਵੇ, ਪ੍ਰਫੁੱਲਤ ਰਹਿੰਦਾ ਹੈ। ਪੰਜਾਬੀਆਂ ਨੇ ਖੇਤੀ ਨੂੰ ਪਰਵਾਸੀ ਮਜ਼ਦੂਰਾਂ ਦੇ ਹਵਾਲੇ ਕਰ ਦਿੱਤਾ ਹੈ, ਉਸ ਦਿਨ ਤੋਂ ਹੀ ਖੇਤੀ ਘਾਟੇ ਦਾ ਸੌਦਾ ਬਣ ਗਈ ਹੈ।