ਜਗਮੀਤ ਸੰਧੂ
ਮੰਡੀ ਰੋੜਾਂਵਾਲੀ, 4 ਅਗਸਤ
ਬੀਤੇ ਦਿਨੀਂ ਮੰਡੀ ਅਰਨੀਵਾਲਾ ਖੇਤਰ ਵਿਚ ਹੋਈ ਬਾਰਸ਼ ਦੇ ਦੌਰਾਨ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੌਰਾ ਕੀਤਾ ਗਿਆ ਸੀ, ਉਥੇ ਹੀ ਅੱਜ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਵੱਲੋਂ ਵੀ ਬਲਾਕ ਦੇ ਵੱਖ-ਵੱਖ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਪਿੰਡ ਜੰਡਵਾਲਾ ਭੀਮੇਸ਼ਾਹ, ਪਾਕਾਂ, ਬੰਨਾਂ ਵਾਲਾ, ਢਿੱਪਾਂ ਵਾਲਾ, ਮਾਹੂਆਣਾ ਸਮੇਤ ਕਈ ਹੋਰ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਬਹੁਤ ਹੀ ਜਲਦ ਇਸ ਇਲਾਕੇ ਵਿੱਚੋਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਭਾਵੇਂ ਡਰੇਨ ਕੱਢੀ ਜਾਵੇ ਜਾਂ ਫਿਰ ਹੋਰ ਹੱਲ ਕੱਢਿਆ ਜਾਵੇ, ਜਿਸ ਦੇ ਸੰਬੰਧ ਵਿਚ ਟੀਮਾਂ ਇਨ੍ਹਾਂ ਪਿੰਡਾਂ ਦੇ ਵਿੱਚ ਪਹੁੰਚ ਕੇ ਕਿਸਾਨਾਂ ਦੇ ਨਾਲ ਸਲਾਹ ਮਸ਼ਵਰੇ ਕਰ ਕੇ ਆਪਣਾ ਕੰਮ ਕਰਨਗੀਆਂ। ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਵੱਲੋਂ ਅਚਨਚੇਤ ਪੀ ਐੱਚ ਸੀ ਜੰਡਵਾਲਾ ਭੀਮੇਸ਼ਾਹ ਦਾ ਵੀ ਦੌਰਾ ਕੀਤਾ ਗਿਆ। ਉਨ੍ਹਾਂ ਪਿੰਡ ਦੇ ਲੋਕਾਂ ਨੂੰ ਖਸਤਾ ਹਾਲਤ ਵਿੱਚ ਚੱਲ ਰਹੀ ਪੀਐੱਚਸੀ ਨੂੰ ਅਪਗ੍ਰੇਡ ਕਰ ਕੇ ਸੀਐੱਚ ਸੀ ਬਣਾਉਣ ਲਈ ਸਮੂਹ ਸਟਾਫ ਅਤੇ ਪਿੰਡ ਦੇ ਲੋਕਾਂ ਨੂੰ ਭਰੋਸਾ ਵੀ ਦਿਵਾਇਆ।
ਮੀਂਹ ਕਾਰਨ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਮੰਗਿਆ
ਸਰਦੂਲਗੜ੍ਹ (ਬਲਜੀਤ ਸਿੰਘ): ਪਿਛਲੇ ਦਿਨਾਂ ’ਚ ਹੋਈ ਬਰਸਾਤ ਦੇ ਕਾਰਨ ਹਲਕਾ ਸਰਦੂਲਗੜ੍ਹ ਦੇ ਪਿੰਡ ਕੁਸਲਾ ਅਤੇ ਮੀਆਂ ਵਿੱਚ ਪੰਜ ਸੌ ਏਕੜ ਤੋਂ ਜ਼ਿਆਦਾ ਨਰਮੇ ਅਤੇ ਝੋਨੇ ਦੀ ਫ਼ਸਲ ਪਾਣੀ ’ਚ ਡੁੱਬ ਕੇ ਬਰਬਾਦ ਹੋ ਗਈ ਹੈ। ਪਿੰਡ ਕੁਸਲੇ ਦੇ ਕਿਸਾਨ ਆਗੂ ਰਮਨਦੀਪ ਸਿੰਘ ਨੇ ਦੱਸਿਆ ਕਿ ਬਰਸਾਤ ਕਾਰਨ ਮੀਂਹ ਦਾ ਪਾਣੀ ਨੀਵੇਂ ਖੇਤਾਂ ’ਚ ਇਕੱਠਾ ਹੋਣ ਕਾਰ ਨ ਪਿੰਡ ਕੁਸਲੇ ’ਚ 450 ਏਕੜ ਤੋਂ ਜ਼ਿਆਦਾ ਝੋਨੇ ਦੀ ਫ਼ਸਲ ਪਾਣੀ ’ਚ ਡੁੱਬ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਅਵਤਾਰ ਸਿੰਘ ਦੀ 14 ਏਕੜ, ਗੁਰਬਚਨ ਸਿੰਘ 13 ਏਕੜ ਗੁਰਜੀਤ ਸਿੰਘ 10 ਏਕੜ, ਜਸਵੀਰ ਸਿੰਘ 12 ਏਕੜ, ਗੁਰਪ੍ਰੀਤ ਸਿੰਘ 5 ਏਕੜ, ਮੱਘਰ ਸਿੰਘ 9 ਏਕੜ, ਰਮਨਦੀਪ ਸਿੰਘ 5 ਏਕੜ ਝੋਨੇ ਦੀ ਫਸਲ ਪਾਣੀ ’ਚ ਡੁੱਬ ਕੇ ਖਰਾਬ ਹੋ ਗਈ। ਇਸ ਤਰਾਂ ਹੀ ਪਿੰਡ ਮੀਆਂ ਵਿੱਚ ਕਿਸਾਨ ਅੰਗਰੇਜ਼ ਸਿੰਘ ਦੀ 9 ਏਕੜ, ਹਰਕਰਨ ਸਿੰਘ ਦੀ ਚਾਰ ਏਕੜ, ਸੁਦਾਗਰ ਸਿੰਘ ਦੀ 2 ਏਕੜ, ਸੋਹਣ ਸਿੰਘ ਦੀ 3 ਏਕੜ, ਸੁਖਦੀਪ ਸਿੰਘ ਦੀ 6 ਏਕੜ, ਗੁਰਸੇਵਕ ਸਿੰਘ ਦੀ 5 ਏਕੜ, ਗੁਰਮਿੰਦਰ ਸਿੰਘ ਦੀ 5 ਏਕੜ, ਹਰਦੇਵ ਸਿੰਘ ਦੀ 5 ਏਕੜ, ਅਤੇ ਬੋਘਾ ਸਿੰਘ ਦੀ 5 ਏਕੜ ਨਰਮੇ ਦੀ ਫਸਲ ਮੀਂਹ ਦੇ ਪਾਣੀ ਕਾਰਨ ਬਰਬਾਦ ਹੋ ਗਈ। ਕਿਸਾਨਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਖਰਾਬ ਹੋਈ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ।